ਰੂਪਨਗਰ, 5 ਮਈ (ਯਸ਼ਵੰਤ ਬੱਸੀ)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸੋਹਣ ਲਾਲ ਸੰਧੂ ਦੀ ਪ੍ਰਧਾਨਗੀ ਹੇਠ ਪੁਲਿਸ ਲਾਇਨਜ਼ ਰੂਪਨਗਰ ਵਿਖੇ ਹੋਈ | ਇਸ ਇਕੱਤਰਤਾ ਨੂੰ ਐਸੋਸੀਏਸ਼ਨ ਦੇ ਸਕੱਤਰ ਜੋਗਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕੇਹਰ ਸਿੰਘ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਡਾ. ਜਗਦੀਪ ਚੌਧਰੀ ਅਤੇ ਡਾ. ਕਮਲਦੀਪ ਕੌਰ ਨੇ ਸ਼ਿਰਕਤ ਕਰਦਿਆਂ ਪੈਨਸ਼ਨਰਜ਼ ਨੂੰ ਮੌਸਮ ਦੇ ਬਦਲਾਅ ਵਿਚ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਮੌਸਮ ਅਨੁਸਾਰ ਖੁਰਾਕ ਲੈਣ, ਉਮਰ ਦੇ ਇਸ ਪੜਾਅ 'ਚ ਖਾਣ-ਪੀਣ ਦੇ ਪਰਹੇਜ਼ ਨੂੰ ਧਿਆਨ ਵਿਚ ਰੱਖਦਿਆਂ ਨੱਕ, ਕੰਨ, ਗਲਾ ਅਤੇ ਛਾਤੀ ਦੇ ਰੋਗਾਂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਬਾਰੇ ਵੀ ਜਾਗਰੂਕ ਕੀਤਾ ਗਿਆ |