ਐੱਸ. ਏ. ਐੱਸ. ਨਗਰ, 9 ਮਈ (ਪ੍ਰੋ. ਅਵਤਾਰ ਸਿੰਘ)- ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਉਦਯੋਗਿਕ ਨੀਤੀਆਂ ਤਹਿਤ ਜ਼ਿਲੇ੍ਹ 'ਚ 3 ਨਵੀਆਂ ਇਕਾਈਆਂ ਲਈ ਵਿੱਤੀ ਪ੍ਰੋਤਸਾਹਨ (ਇੰਨਸੈਂਟਿਵ) ਮਨਜ਼ੂਰ ਕੀਤੇ ਗਏ | ਇਨ੍ਹਾਂ ਇਕਾਈਆਂ 'ਚ ਐਮ. ਜੀ. ਇਨਫਰਾ ਡੇਰਾਬਸੀ, ਪ੍ਰੀਫਮਾ ਗਲਾਸ ਡੇਰਾਬਸੀ ਤੇ ਇੰਪੀਨੇਜ ਸਲਿਊਸ਼ਨ ਆਈ. ਟੀ. ਯੂਨਿਟ ਆਈ. ਟੀ. ਸੈਕਟਰ ਮੁਹਾਲੀ ਸ਼ਾਮਿਲ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਡੀ. ਸੀ. ਨੇ ਦੱਸਿਆ ਕਿ ਇਨ੍ਹਾਂ ਇਕਾਈਆਂ ਦੇ ਸਥਾਪਿਤ ਹੋਣ ਨਾਲ ਮੁਹਾਲੀ ਜ਼ਿਲੇ੍ਹ 'ਚ 2,365 ਲੱਖ ਰੁ. ਦਾ ਨਵਾਂ ਨਿਵੇਸ਼ ਆਇਆ ਹੈ | ਉਨ੍ਹਾਂ ਦੱਸਿਆ ਕਿ ਇਕ ਇਕਾਈ ਨੂੰ 7 ਸਾਲਾਂ ਲਈ ਬਿਜਲੀ ਕਰ ਤੋਂ ਛੋਟ ਦਿੱਤੀ ਗਈ ਹੈ, ਜਦਕਿ ਇਕ ਇਕਾਈ ਨੂੰ ਇੰਡਸਟਰੀਅਲ ਪਾਲਿਸੀ-2022 ਤਹਿਤ ਕੈਪੀਟਲ ਸਬਸਿਡੀ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਇਕ ਇਕਾਈ ਨੂੰ ਸਟੈਂਪ ਡਿਊਟੀ ਤੋਂ ਛੋਟ ਪ੍ਰਦਾਨ ਕੀਤੀ ਗਈ ਹੈ | ਇਸ ਤੋਂ ਇਲਾਵਾ 5 ਨਵੇਂ ਯੂਨਿਟਾਂ ਨੂੰ ਰਾਈਟ ਟੂ ਬਿਜ਼ਨੈੱਸ ਐਕਟ ਤਹਿਤ ਇਨ-ਪਿ੍ੰਸੀਪਲ ਅਪਰੂਵਲ ਵੀ ਜਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਇਕਾਈਆਂ ਦੇ ਸਥਾਪਿਤ ਹੋਣ ਨਾਲ ਜ਼ਿਲੇ੍ਹ 'ਚ ਹੋਰ ਨਵਾਂ ਨਿਵੇਸ਼ ਆਵੇਗਾ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ | ਮੀਟਿੰਗ ਤੋਂ ਬਾਅਦ ਜੀ.ਐਮ. ਉਦਯੋਗ ਮਨਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਤਿੰਨ ਕੇਸਾਂ ਦੇ ਇੰਨਸੈਂਟਿਵ ਮਨਜ਼ੂਰ ਕੀਤੇ ਗਏ ਹਨ ਤੇ ਪੰਜ ਨਵੀਆਂ ਇਕਾਈਆਂ ਨੂੰ ਰਾਈਟ ਟੂ ਬਿਜ਼ਨੈੱਸ ਐਕਟ ਤਹਿਤ ਇਨ-ਪਿ੍ੰਸੀਪਲ ਅਪਰੂਵਲ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਡੀ. ਸੀ. ਵੱਲੋਂ ਇਨਵੈਸਟ ਪੰਜਾਬ ਪੋਰਟਲ 'ਤੇ ਰੈਗੂਲੇਟਰੀ ਵਿਭਾਗਾਂ ਦੇ ਲੰਬਿਤ ਮਾਮਲਿਆਂ ਦੀ ਸਮੀਖਿਆ ਵੀ ਕੀਤੀ ਗਈ |