ਐੱਸ. ਏ. ਐੱਸ. ਨਗਰ, 12 ਮਈ (ਤਰਵਿੰਦਰ ਸਿੰਘ ਬੈਨੀਪਾਲ)-'ਕੇਅਰ ਕੰਪੈਨੀਅਨ ਪ੍ਰੋਗਰਾਮ' ਦਾ ਮੰਤਵ ਮਰੀਜ਼ ਦੀ ਸਹੀ ਦੇਖਭਾਲ ਅਤੇ ਮੁਕੰਮਲ ਤੰਦਰੁਸਤੀ ਲਈ ਮਰੀਜ਼ ਦੇ ਪਰਿਵਾਰਕ ਜੀਆਂ, ਸਹਾਇਕਾਂ ਜਾਂ ਸਾਕ-ਸੰਬੰਧੀਆਂ ਨੂੰ ਸਿੱਖਿਅਤ ਕਰਨਾ ਹੈ | ਇਹ ਗੱਲ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲਾ ਹਸਪਤਾਲ ਵਿਚ 'ਕੇਅਰ ਕੰਪੈਨੀਅਨ ਪ੍ਰੋਗਰਾਮ' ਸੰਬੰਧੀ ਹੋਈ ਰਿਫ਼ਰੈਸ਼ਰ ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਹੀ | ਇਸ ਟ੍ਰੇਨਿੰਗ ਵਿਚ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਹਿੱਸਾ ਲਿਆ | ਇਸ ਮੌਕੇ ਸਿਵਲ ਸਰਜਨ ਨੇ ਆਖਿਆ ਕਿ ਜੇ ਮਰੀਜ਼ ਖ਼ੁਦ ਅਤੇ ਉਸ ਦੇ ਪਰਿਵਾਰਕ ਜੀਅ ਸਾਫ਼-ਸਫ਼ਾਈ, ਦਵਾਈ, ਸਹੀ ਖਾਣ-ਪੀਣ, ਸੁਚੱਜੇ ਸਿਹਤ ਵਿਹਾਰ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਗਰੂਕ ਹੋਣਗੇ ਤਾਂ ਮਰੀਜ਼ ਨੂੰ ਬਹੁਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਛੇਤੀ ਠੀਕ ਹੋ ਸਕਦਾ ਹੈ | ਉਨਾਂ ਕਿਹਾ ਕਿ ਜ਼ਿਲਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਅਤੇ ਹੈਲਥ ਐਂਡ ਵੈਲਨੈਸ ਕੇਂਦਰਾਂ ਵਿਚ ਮਰੀਜ਼ਾਂ ਦੇ ਪਰਿਵਾਰਕ ਜੀਆਂ ਜਾਂ ਸਾਕ-ਸੰਬੰਧੀਆਂ ਲਈ ਲਗਾਤਾਰ ਸਿਖਲਾਈ ਸੈਸ਼ਨ ਕੀਤੇ ਜਾ ਰਹੇ ਹਨ | ਇਸ ਪ੍ਰੋਗਰਾਮ ਦਾ ਮੰਤਵ ਮਰੀਜ਼ ਹਸਪਤਾਲ 'ਚੋਂ ਠੀਕ ਹੋ ਕੇ ਜਾਣ ਅਤੇ ਘਰਾਂ ਵਿਚ ਵੀ ਉਨ੍ਹਾਂ ਦੇ ਪਰਿਵਾਰਕ ਜੀਅ ਮੁਕੰਮਲ ਸਿਹਤਯਾਬੀ ਤਕ ਉਨਾਂ ਦੀ ਚੰਗੀ ਤਰਾਂ ਦੇਖਭਾਲ ਕਰਨ | ਇਸ ਦੌਰਾਨ ਉਕਤ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਤੁਲ ਨੇ ਪ੍ਰੋਗਰਾਮ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਸੀ, ਜਿਹੜਾ ਅੱਜ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਸਮੇਂ ਦੀ ਲੋੜ ਮੁਤਾਬਿਕ ਇਸ ਵਿਚ ਸੁਧਾਰ ਵੀ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਹਸਪਤਾਲ ਦਾ ਸਟਾਫ਼ ਖ਼ੁਦ ਪੂਰੀ ਤਰਾਂ ਸਿੱਖਿਅਤ ਹੋਵੇਗਾ ਤਾਂ ਉਹ ਅੱਗੇ ਵੀ ਸਹੀ ਢੰਗ ਨਾਲ ਸੁਨੇਹਾ ਦੇਵੇਗਾ | ਇਸ ਮੌਕੇ ਸਿਵਲ ਸਰਜਨ ਨੇ ਨਰਸਿੰਗ ਸਟਾਫ਼ ਨੂੰ ਭਾਗੀਦਾਰੀ ਸਰਟੀਫ਼ੀਕੇਟ ਵੀ ਵੰਡੇ | ਉਕਤ ਟ੍ਰੇਨਿੰਗ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਮਨੀਸ਼ ਗੁਪਤਾ, ਡਿਪਟੀ ਮਾਸ ਮੀਡੀਆ ਅਫ਼ਸਰ ਦਲਜੀਤ ਕੌਰ, ਨਰਸਿੰਗ ਸਿਸਟਰ ਸੁਖਵਿੰਦਰ ਕੌਰ ਤੇ ਹੋਰ ਜਣੇ ਮੌਜੂਦ ਸਨ |