ਡੇਰਾਬੱਸੀ,12 ਮਈ (ਰਣਬੀਰ ਸਿੰਘ ਪੜੀ)-ਡੇਰਾਬੱਸੀ ਦੇ ਨੇੜਲੇ ਪਿੰਡ ਜੌਲਾ ਕਲਾਂ ਵਿਖੇ ਨੌਜਵਾਨਾਂ ਨਾਲ ਕੀਤੇ ਗਏ ਇਕ ਵਿਸ਼ੇਸ਼ ਸੰਵਾਦ ਪ੍ਰੋਗਰਾਮ ਦੌਰਾਨ ਬੇਰੁਜ਼ਗਾਰੀ ਅਤੇ ਖੇਡ ਸਹੂਲਤਾਂ ਦੀ ਘਾਟ ਦਾ ਮੁੱਦਾ ਭਾਰੂ ਰਿਹਾ, ਜਿਥੇ ਪਹੁੰਚੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਓ. ਬੀ. ਸੀ. ਵਿਭਾਗ ਦੀ ਵਿਚਾਰਕ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਨੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਸ ਦੌਰਾਨ ਉਨਾਂ ਨੂੰ ਖੇਡ ਕਿੱਟਾਂ ਭੇਟ ਕੀਤੀਆਂ | ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨਾ ਤਾਂ ਉਨਾਂ ਨੂੰ ਰੁਜ਼ਗਾਰ ਦੇ ਰਹੀ ਹੈ ਅਤੇ ਨਾ ਹੀ ਖੇਡਣ ਲਈ ਸਟੇਡੀਅਮ ਜਾਂ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਨੌਜਵਾਨਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਨਸ਼ਿਆਂ ਖ਼ਿਲਾਫ਼ ਜੰਗ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਸੁਵਿਧਾਵਾਂ ਦੀ ਅਣਹੋਂਦ ਕਾਰਨ ਨੌਜਵਾਨਾਂ ਨੂੰ ਖ਼ੁਦ ਨਸ਼ਿਆਂ ਦੇ ਰਾਹ ਵੱਲ ਧੱਕ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਅਤੇ ਖੇਡ ਸਹੂਲਤਾਂ ਨਾ ਮਿਲੀਆਂ ਤਾਂ ਉਹ ਮਜ਼ਬੂਰਨ ਗਲਤ ਰਸਤੇ ਇਖਤਿਆਰ ਕਰਨਗੇ | ਇਸ ਦੌਰਾਨ ਬਾਵਾ ਸੈਣੀ ਨੇ ਨੌਜਵਾਨਾਂ ਦਾ ਉਤਸ਼ਾਹ ਵਧਾਉਂਦਿਆਂ ਸਰਕਾਰੀ ਮੈਦਾਨ ਵਿਚ ਖੇਡਾਂ ਲਈ ਹੈਲੋਜਨ ਲਾਈਟਾਂ ਅਤੇ ਨੈੱਟ ਆਦਿ ਦਾ ਪ੍ਰਬੰਧ ਵੀ ਕਰਵਾਇਆ | ਉਨਾਂ ਨੌਜਵਾਨਾਂ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਪਰ ਮੰਦਭਾਗੀ ਗੱਲ ਹੈ ਕਿ ਇਸ ਸ਼ਕਤੀ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ | ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਤਾਸ਼ ਹੋ ਕੇ ਨਸ਼ਿਆਂ ਵਰਗੀ ਗਲਤ ਰਾਹ ਨਾ ਚੁਣਨ ਅਤੇ ਨਾ ਹੀ ਆਪਣੇ ਸਾਥੀਆਂ ਨੂੰ ਭਟਕਣ ਦੇਣ | ਉਨਾਂ ਦਾਅਵਾ ਕੀਤਾ ਕਿ ਅਗਲੇ 6 ਮਹੀਨਿਆਂ ਵਿਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਬਣਦੇ ਹੀ ਹਰ 5 ਪਿੰਡਾਂ ਦੇ ਕਲਸਟਰ 'ਤੇ ਇਕ ਪਿੰਡ ਵਿਚ ਸ਼ਾਨਦਾਰ ਸਟੇਡੀਅਮ ਅਤੇ ਜਿਮ ਬਣਾਏ ਜਾਣਗੇ | ਇਸ ਮੌਕੇ ਪਿੰਡ ਦੇ ਮੌਜੂਦਾ ਪੰਚ ਗੁਰਜੰਟ ਸਿੰਘ, ਵਿਕਰਮ ਰਾਣਾ (ਜਨਰਲ ਸਕੱਤਰ ਜ਼ਿਲਾ ਕਾਂਗਰਸ), ਮਨੋਜ ਸ਼ਰਮਾ (ਜ਼ਿਲਾ ਮੀਤ ਪ੍ਰਧਾਨ), ਮਨਜੀਤ ਸਿੰਘ (ਜ਼ਿਲਾ ਬੁਲਾਰਾ), ਯੂਥ ਆਗੂ ਪਰਮਵੀਰ ਰਾਣਾ, ਹਰਮਨ ਭੱਟੀ, ਬਲਕੀਰਤ ਅਤੇ ਹਰਸ਼, ਪਿੰਡ ਦੇ ਬਜ਼ੁਰਗ ਗੁਰਨਾਮ ਸਿੰਘ ਤੇ ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਨੌਜਵਾਨ ਹਾਜ਼ਰ ਸਨ |