ਚੰਡੀਗੜ੍ਹ, 12 ਮਈ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਸੈਕਟਰ-26 ਇਲਾਕੇ ਵਿਚ ਸੱਟੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿਚ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਪਹਿਲੇ ਅਤੇ ਹਾਲ ਹੀ ਵਿਚ ਦਰਜ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਰਵਿੰਦ ਕੁਮਾਰ ਵਾਸੀ ਗਦਰਈਆਂ ਪੁਰਵਾ ਜ਼ਿਲ੍ਹਾ ਬਹਰਾਈਚ (ਉੱਤਰ ਪ੍ਰਦੇਸ਼), ਰਤਨ ਸਿੰਘ ਵਾਸੀ ਬਸੋਲੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼), ਵੀਰਿੰਦਰ ਕੁਮਾਰ ਵਾਸੀ ਬੀ.ਡੀ.ਸੀ. ਸੈਕਟਰ-26 ਚੰਡੀਗੜ੍ਹ ਅਤੇ ਧੀਰਜ ਕਸ਼ਯਪ ਵਾਸੀ ਮੁਹੱਲਾ ਛਾਵਨੀ ਜ਼ਿਲ੍ਹਾ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ | ਪੁਲਿਸ ਅਨੁਸਾਰ 11 ਮਈ ਨੂੰ ਬਰਸਾਤੀ ਢਾਬਾ ਨੇੜੇ ਗ੍ਰੇਨ ਮਾਰਕੀਟ ਸੈਕਟਰ-26 ਵਿਖੇ ਛਾਪੇਮਾਰੀ ਦੌਰਾਨ ਉਕਤ ਵਿਅਕਤੀ ਸੱਟਾ ਖੇਡਦੇ ਕਾਬੂ ਕੀਤੇ ਗਏ | ਇਸ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 3540 ਰੁਪਏ ਦੀ ਨਕਦੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਕੀਤੇ | ਇਸ ਸਬੰਧੀ ਥਾਣਾ ਸੈਕਟਰ-26 ਵਿਖੇ ਗੈਂਬਲਿੰਗ ਐਕਟ ਦੀ ਧਾਰਾ 13-03-67 ਤਹਿਤ ਕੇਸ ਦਰਜ ਕੀਤਾ ਗਿਆ ਹੈ | ਜਾਂਚ ਦੌਰਾਨ ਬਾਅਦ ਵਿਚ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਵੀ ਸੈਕਟਰ-26 ਪੁਲਿਸ ਵਲੋਂ ਗ੍ਰੇਨ ਮਾਰਕੀਟ ਇਲਾਕੇ ਵਿਚ ਸੱਟੇਬਾਜ਼ੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ | ਪੁਲਿਸ ਟੀਮ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਗ੍ਰੇਨ ਮਾਰਕੀਟ ਸਥਿਤ ਪੱਕੀ ਪਾਰਕਿੰਗ ਨੇੜੇ ਕੁੱਝ ਵਿਅਕਤੀ ਜੂਆ ਖੇਡ ਰਹੇ ਹਨ | ਸੂਚਨਾ ਦੇ ਆਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਨਰੇਸ਼, ਅਮਨ ਕੁਮਾਰ ਉਰਫ਼ ਪਿ੍ੰਸ, ਧਰਮਿੰਦਰ ਉਰਫ਼ ਮਿੰਦਰ ਅਤੇ ਰੋਹਿਤ ਨੂੰ ਕਾਬੂ ਕੀਤਾ ਸੀ | ਇਸ ਕਾਰਵਾਈ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 63,750 ਰੁਪਏ ਦੀ ਨਕਦੀ ਅਤੇ ਜੂਏ ਨਾਲ ਸੰਬੰਧਿਤ ਸਮੱਗਰੀ ਬਰਾਮਦ ਕੀਤੀ ਸੀ | ਇਸ ਸਬੰਧੀ ਥਾਣਾ ਸੈਕਟਰ-26 ਵਿਚ 10 ਮਈ ਨੂੰ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ |