ਕੁਰਾਲੀ, 12 ਮਈ (ਬਿੱਲਾ ਅਕਾਲਗੜੀਆ)-ਸਥਾਨਕ ਸਿੰਘਪੁਰਾ ਰੋਡ 'ਤੇ ਸਦਰ ਥਾਣੇ 'ਚ ਸਥਿਤ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਾਂਝ ਸੇਵਾ ਕੇਂਦਰ 'ਚ ਪਿਛਲੇ ਕਰੀਬ ਇਕ ਹਫ਼ਤੇ ਤੋਂ ਮੁਲਾਜ਼ਮ ਨਾ ਹੋਣ ਕਾਰਨ ਖੇਤਰ ਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਇਸ ਸੰਬੰਧੀ ਅੱਜ ਇਲਾਕੇ ਦੇ ਮੁਹਤਬਰ ਤੇ ਬਸਪਾ ਆਗੂ ਰਾਜਿੰਦਰ ਸਿੰਘ ਰਾਜਾ ਨੰਨਹੇੜੀਆ, ਚੇਤ ਸਿੰਘ ਨੱਗਲਗੜੀਆ, ਕਾਂਗਰਸੀ ਆਗੂ ਗੁਰਮੀਤ ਸਿੰਘ ਢਕੌਰਾਂ, ਬਲਵੀਰ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਤੇ ਜਗਦੇਵ ਸਿੰਘ ਪਵਾਰ ਸਮੇਤ ਮੌਕੇ 'ਤੇ ਹਾਜ਼ਰ ਲੋਕਾਂ ਨੇ ਪੱਤਰਕਾਰਾਂ ਨੂੰ ਕੇਂਦਰ ਨੂੰ ਲੱਗਾ ਜਿੰਦਰਾ ਦਿਖਾਉਂਦਿਆਂ ਦੱਸਿਆ ਕਿ ਕੇਂਦਰ 'ਚ ਕਰਮਚਾਰੀਆਂ ਦੀ ਗ਼ੈਰ-ਹਾਜ਼ਰੀ ਕਾਰਨ ਆਮ ਲੋਕਾਂ ਦੇ ਜ਼ਰੂਰੀ ਕੰਮ ਲਟਕ ਰਹੇ ਹਨ | ਲੋਕਾਂ ਨੂੰ ਸਰਟੀਫ਼ਿਕੇਟ, ਪਾਸਪੋਰਟ ਦੀ ਵੈਰੀਫਿਕੇਸ਼ਨ ਅਤੇ ਹੋਰ ਸਰਕਾਰੀ ਸੇਵਾਵਾਂ ਲਈ ਵਾਰ-ਵਾਰ ਚੱਕਰ ਕੱਟਣੇ ਪੈ ਰਹੇ ਹਨ | ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਕੰਮ ਘਰ ਬੈਠੇ ਹੀ ਹੋਣਗੇ, ਜਦਕਿ ਹਕੀਕਤ ਇਹ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ-ਕਈ ਦਿਨਾਂ ਤੱਕ ਦਫ਼ਤਰਾਂ ਦੇ ਗੇੜੇ ਮਾਰਨੇ ਪੈ ਰਹੇ ਹਨ | ਉਨਾਂ ਕਿਹਾ ਕਿ ਜਿਥੇ ਸਾਂਝ ਸੇਵਾ ਕੇਂਦਰ 'ਚ ਮੁਲਾਜ਼ਮਾਂ ਦੀ ਗ਼ੈਰ-ਹਾਜ਼ਰੀ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਮੇਂ ਅਤੇ ਪੈਸੇ ਦੀ ਵੀ ਬਰਬਾਦੀ ਹੋ ਰਹੀ ਹੈ | ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਂਝ ਕੇਂਦਰ 'ਚ ਮੁਲਾਜ਼ਮ ਤਾਇਨਾਤ ਕਰਕੇ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਤੋਂ ਰਾਹਤ ਦਿਵਾਈ ਜਾਵੇ | ਇਸ ਸੰਬੰਧੀ ਜਦੋਂ ਐਸ. ਪੀ ਮੋਹਿਤ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਇਹ ਮਾਮਲਾ ਉਨਾਂ ਦੇ ਧਿਆਨ 'ਚ ਨਹੀ ਹੈ | ਉਨਾਂ ਸਾਂਝ ਕੇਂਦਰ 'ਚ ਕੱਲ ਤੋਂ ਹੀ ਮੁਲਾਜ਼ਮ ਤਇਨਾਤ ਕਰਨ ਦਾ ਭਰੋਸਾ ਵੀ ਦਿੱਤਾ |