ਚੰਡੀਗੜ੍ਹ, 13 ਮਈ (ਕਪਿਲ ਵਧਵਾ)- ਪੰਜਾਬੀ ਅਦਾਕਾਰ ਯੋਗਰਾਜ ਸਿੰਘ ਤੇ ਹੋਰਨਾਂ ਖ਼ਿਲਾਫ਼ ਮਹਿਲਾਵਾਂ ਪ੍ਰਤੀ ਕਥਿਤ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ਾਂ ਹੇਠ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ | ਸ਼ਿਕਾਇਤ ਵਿਚ ਯੋਗਰਾਜ ਸਿੰਘ ਤੇ ਹੋਰਨਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਉਕਤ ਸ਼ਿਕਾਇਤ ਐਡਵੋਕੇਟ ਉੱਜਵਲ ਭਸੀਨ (ਖ਼ਜ਼ਾਨਚੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਚੰਡੀਗੜ੍ਹ) ਤੇ ਐਡਵੋਕੇਟ ਜਤਿਨ ਵਰਮਾ ਵਲੋਂ ਐਸ.ਐਸ.ਪੀ. ਚੰਡੀਗੜ੍ਹ ਨੂੰ ਭੇਜੀ ਗਈ ਹੈ | ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਕ ਵਾਇਰਲ ਸੋਸ਼ਲ ਮੀਡੀਆ ਕਲਿੱਪ 'ਚ ਯੋਗਰਾਜ ਸਿੰਘ ਵਲੋਂ ਇਕ ਕਿਰਦਾਰ ਅਦਾ ਕਰਦੇ ਹੋਏ ਮਹਿਲਾਵਾਂ ਬਾਰੇ ਅਪਮਾਨਜਨਕ ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ | ਉਕਤ ਸ਼ਿਕਾਇਤ ਦੀ ਕਾਪੀ ਦਾ ਇਕ ਉਤਾਰਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਭੇਜਿਆ ਗਿਆ ਹੈ |