ਚੰਡੀਗੜ੍ਹ, 13 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਦੜੂਆ ਇਲਾਕੇ ਵਿਚ ਮੰਗਲਵਾਰ ਸ਼ਾਮ ਦਿਨ-ਦਿਹਾੜੇ ਇਕ ਨੌਜਵਾਨ ਦਾ ਚਾਕੂਆਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ 20 ਸਾਲਾ ਸੂਰਜ ਕੁਮਾਰ ਵਜੋਂ ਹੋਈ ਹੈ, ਜੋ ਡਿਊਟੀ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ | ਇਸੇ ਦੌਰਾਨ 5 ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਕੇ ਚਾਕੂਆਂ ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ | ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਸੂਰਜ 'ਤੇ ਲਗਾਤਾਰ ਚਾਕੂਆਂ ਨਾਲ ਵਾਰ ਕੀਤੇ | ਸੂਰਜ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਜ਼ਮੀਨ 'ਤੇ ਡਿੱਗ ਪਿਆ | ਇਸ ਤੋਂ ਬਾਅਦ ਹਮਲਾਵਰਾਂ ਨੇ ਮੁੜ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਘਟਨਾ ਦੌਰਾਨ ਇਲਾਕੇ ਦੇ ਲੋਕ ਘਰਾਂ ਦੀਆਂ ਬਾਲਕਨੀਆਂ ਤੇ ਛੱਤਾਂ 'ਤੇ ਖੜ੍ਹੇ ਹੋ ਕੇ ਵੀਡੀਓ ਬਣਾਉਦੇ ਰਹੇ ਪਰ ਜ਼ਖ਼ਮੀ ਨੌਜਵਾਨ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ | ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਲੋਂ ਹਮਲਾਵਰਾਂ ਦੀ ਪਛਾਣ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ | ਗੰਭੀਰ ਜ਼ਖ਼ਮੀ ਹਾਲਤ 'ਚ ਸੂਰਜ ਕੁਮਾਰ ਨੂੰ ਸੈਕਟਰ-32 ਸਥਿਤ ਜੀ. ਐਮ. ਸੀ. ਐੱਚ. ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਵਲੋਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉੱਧਰ ਬੁੱਧਵਾਰ ਨੂੰ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ | ਪਰਿਵਾਰਕ ਮੈਂਬਰਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਕਾਤਲਾਂ ਨੂੰ ਗਿ੍ਫ਼ਤਾਰ ਕਰਨ 'ਚ ਅਸਫਲ ਰਹੀ ਹੈ | ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰ ਸੂਰਜ ਦੀ ਲਾਸ਼ ਨੂੰ ਆਪਣੇ ਘਰ ਲੈ ਗਏ |