ਐੱਸ. ਏ. ਐੱਸ. ਨਗਰ, 13 ਮਈ (ਕਪਿਲ ਵਧਵਾ)- ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ 500 ਨਾਜਾਇਜ਼ ਸ਼ਰਾਬ ਦੇ ਪਊਏ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਰਘੁਬੀਰ ਸਿੰਘ ਮੂਲ ਵਾਸੀ ਗੌਂਡਾ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਸੈਕਟਰ-49 ਚੰਡੀਗੜ੍ਹ ਅਤੇ ਸੌਰਵ ਕੁਮਾਰ ਮੂਲ ਵਾਸੀ ਆਜ਼ਮਗੜ੍ਹ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਸੈਕਟਰ-31 ਚੰਡੀਗੜ੍ਹ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਚੰਡੀਗੜ੍ਹ ਵਿਚ ਵਿਕਣਯੋਗ 500 ਪਊਏ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਮੁਹਾਲੀ ਸਰਕਲ ਦੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਆਪਣੀ ਟੀਮ ਸਮੇਤ ਗੋਲਫ਼ ਕਲੱਬ ਨੇੜੇ ਮੌਜੂਦ ਸਨ | ਇਸੇ ਦੌਰਾਨ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਵਿਅਕਤੀ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਮੰਡੀ ਬੋਰਡ ਦੇ ਲਾਈਟ ਪੁਆਇੰਟ ਨੇੜੇ ਮਹਿੰਗੇ ਭਾਅ 'ਤੇ ਵੇਚਣ ਦੀ ਫਿਰਾਕ ਵਿਚ ਹਨ | ਨਾਕਾਬੰਦੀ ਕਰਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਇਕ ਪਲਾਸਟਿਕ ਦੇ ਬੈਗ 'ਚ ਰੱਖੇ ਨਾਜਾਇਜ਼ ਸ਼ਰਾਬ ਦੇ 500 ਪਊਏ ਬਰਾਮਦ ਹੋਏ | ਇਸ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਫੇਜ਼-11 ਥਾਣੇ ਲਿਆਂਦਾ ਗਿਆ | ਆਬਕਾਰੀ ਇੰਸਪੈਕਟਰ ਗੁਰਿੰਦਰਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਫੇਜ਼-11 ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ 12-13 ਮਈ ਦੀ ਦਰਮਿਆਨੀ ਰਾਤ ਨੂੰ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ | ਬੁੱਧਵਾਰ ਨੂੰ ਮੁਲਜ਼ਮਾਂ ਨੂੰ ਵਧੀਕ ਇਲਾਕਾ ਮੈਜਿਸਟ੍ਰੇਟ ਅੱਗੇ ਪੇਸ਼ ਕੀਤੇ ਜਾਣ 'ਤੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |