ਚੰਡੀਗੜ੍ਹ, 13 ਮਈ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਵਲੋਂ ਹਵਾਲਾ ਰਾਸ਼ੀ ਰੋਕੂ ਕਾਨੂੰਨ ਤਹਿਤ ਚੱਲ ਰਹੀ ਜਾਂਚ ਦੌਰਾਨ ਆਈ. ਡੀ. ਐਫ. ਸੀ. ਫਸਟ ਬੈਂਕ ਦੇ ਦੋ ਸਾਬਕਾ ਮੁਲਾਜ਼ਮਾਂ ਰਿਭਵ ਰਿਸ਼ੀ ਅਤੇ ਅਭੈ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 21 ਮਈ ਤੱਕ 10 ਦਿਨਾਂ ਦੇ ਈ. ਡੀ. ਰਿਮਾਂਡ ਤੇ ਭੇਜ ਦਿੱਤਾ ਹੈ | ਈ.ਡੀ. ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਹਰਿਆਣਾ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਤੇ ਪੰਚਕੂਲਾ ਦੀਆਂ ਦੋ ਨਿੱਜੀ ਸਕੂਲ ਸੰਸਥਾਵਾਂ ਦੇ ਆਈ. ਡੀ. ਐਫ. ਸੀ. ਫਸਟ ਬੈਂਕ ਵਿਚਲੇ ਖਾਤਿਆਂ ਵਿਚੋਂ ਕਰੀਬ 645 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਸਾਹਮਣੇ ਆਈ ਹੈ | ਜਾਂਚ ਦੌਰਾਨ ਖੁਲਾਸਾ ਹੋਇਆ ਕਿ ਰਿਭਵ ਰਿਸ਼ੀ ਵਲੋਂ ਆਪਣੇ ਨਿੱਜੀ ਸਹਾਇਕ ਅਤੇ ਡਰਾਈਵਰ ਦੇ ਨਾਮ 'ਤੇ ਐੱਮ/ਐੱਸ ਕੈਪਕੋ ਫਿਨਟੈਕ ਸਰਵਿਸਿਜ਼ ਅਤੇ ਐੱਮ/ਐੱਸ. ਆਰ. ਐੱਸ ਟਰੇਡਰ ਨਾਮਕ ਸ਼ੈੱਲ ਕੰਪਨੀਆਂ ਬਣਾਈਆਂ ਗਈਆਂ ਸਨ | ਇਸੇ ਤਰ੍ਹਾਂ ਅਭੈ ਕੁਮਾਰ ਵਲੋਂ ਆਪਣੀ ਪਤਨੀ ਅਤੇ ਭਰਾ ਦੀ ਪਤਨੀ ਦੇ ਨਾਮ ਤੇ ਐੱਮ/ਐੱਸ ਸਵਾਸਤਿਕ ਦੇਸ਼ ਪ੍ਰਾਜੈਕਟਸ ਨਾਮ ਦੀ ਸ਼ੈੱਲ ਕੰਪਨੀ ਬਣਾਈ ਗਈ ਸੀ | ਈ. ਡੀ. ਮੁਤਾਬਕ ਇਨ੍ਹਾਂ ਸ਼ੈੱਲ ਇਕਾਈਆਂ ਦੇ ਖਾਤਿਆਂ ਵਿਚ ਸਰਕਾਰੀ ਵਿਭਾਗਾਂ ਦੇ ਵੱਖ-ਵੱਖ ਖਾਤਿਆਂ ਵਿਚੋਂ ਕਥਿਤ ਤੌਰ 'ਤੇ ਸੈਂਕੜੇ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਅਤੇ ਬਾਅਦ ਵਿਚ ਰਕਮ ਨੂੰ ਵੱਖ-ਵੱਖ ਢੰਗਾਂ ਨਾਲ ਘੁਮਾ ਕੇ ਕੱਢਿਆ ਗਿਆ | ਏਜੰਸੀ ਵਲੋਂ ਮਨੀ ਟਰੇਲ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਲਾਭਪਾਤਰੀਆਂ ਅਤੇ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ |