ਕੁਰਾਲੀ , 15 ਮਈ (ਹਰਪ੍ਰੀਤ ਸਿੰਘ)- ਸ਼ਹਿਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਰਕੌਲੀ-ਸ਼ਾਹਪੁਰ ਇਲਾਕੇ 'ਚ ਸਰਗਰਮ ਚੋਰਾਂ ਨੇ ਪਿਛਲੇ ਇਕ ਹਫ਼ਤੇ ਦੌਰਾਨ ਕਰੀਬ ਇਕ ਦਰਜਨ ਕਿਸਾਨਾਂ ਦੇ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ | ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਕਿਸਾਨਾਂ 'ਚ ਭਾਰੀ ਸਹਿਮ ਅਤੇ ਰੋਸ ਪਾਇਆ ਜਾ ਰਿਹਾ | ਪਿੰਡ ਸ਼ਾਹਪੁਰ ਦੇ ਕਿਸਾਨਾਂ ਬਲਜਿੰਦਰ ਸਿੰਘ, ਅਵਤਾਰ ਸਿੰਘ, ਅਮਰ ਸਿੰਘ, ਕੁਲਵਿੰਦਰ ਸਿੰਘ ਤੇ ਪਰਮਵੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਇਲਾਕੇ 'ਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ, ਜਿਸ ਵਲੋਂ ਖੇਤਾਂ ਵਾਲੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਹਿੰਗੀਆਂ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਹਨ | ਪਰਮਵੀਰ ਸਿੰਘ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਬੀਤੀ ਰਾਤ ਚੋਰਾਂ ਵਲੋਂ ਉਨ੍ਹਾਂ ਦੇ ਖੇਤਾਂ 'ਚ ਲੱਗਿਆ ਬਿਜਲੀ ਦਾ ਟਰਾਂਸਫਾਰਮਰ ਵੀ ਹੇਠ ਸੁੱਟ ਲਿਆ ਗਿਆ ਤੇ ਚੋਰਾਂ ਨੇ ਉਸ 'ਚੋਂ ਵੀ ਤਾਂਬਾ ਕੱਢਣ ਦੀ ਕੋਸ਼ਿਸ਼ ਵੀ ਕੀਤੀ | ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਥੱਲ੍ਹੇ ਡਿੱਗਣ ਕਾਰਨ ਉਨ੍ਹਾਂ ਦਾ ਹਜ਼ਾਰਾਂ ਰੁ. ਦਾ ਨੁਕਸਾਨ ਹੋ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰਾਂ ਨੇ ਪਿੰਡ ਸ਼ਾਹਪੁਰ ਵਿਚਲੇ ਸਰਕਾਰੀ ਟਿਊਬਵੈੱਲ ਨੂੰ ਵੀ ਨਹੀਂ ਬਖਸ਼ਿਆ ਤੇ ਉਥੋਂ ਵੀ ਬਿਜਲੀ ਦੀ ਮਹਿੰਗੀ ਤਾਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸਿਮਰਨ ਸਿੰਘ ਨੇ ਇਸ ਸੰਬੰਧੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹੋਏ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ |