ਜ਼ੀਰਕਪੁਰ, 15 ਮਈ (ਹੈਪੀ ਪੰਡਵਾਲਾ)- ਪੰਜਾਬ ਦੇ ਦਰਿਆਈ ਪਾਣੀਆਂ, ਬੀ. ਬੀ. ਐੱਮ. ਬੀ. ਤੇ ਖੇਤੀਬਾੜੀ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਚੰਡੀਗੜ੍ਹ 'ਚ ਵੱਡਾ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸ ਬਾਬਤ ਹਲਕਾ ਡੇਰਾਬੱਸੀ ਨਾਲ ਸੰਬੰਧਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੰੁਨਾਂ ਨੇ ਜ਼ੀਰਕਪੁਰ-ਪਟਿਆਲਾ ਸੜਕ 'ਤੇ ਛੱਤ ਲਾਈਟ ਪੁਆਇੰਟ 'ਤੇ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਮਨਪ੍ਰੀਤ ਸਿੰਘ ਅਮਲਾਲਾ ਮੀਤ ਪ੍ਰਧਾਨ ਬੀ.ਕੇ.ਯੂ. ਲੱਖੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਹੱਕਾਂ 'ਚ ਲਗਾਤਾਰ ਦਖ਼ਲਅੰਦਾਜੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. ਦੇ ਨਿਯਮਾਂ 'ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸੂਬੇ ਦੇ ਹਿੱਤਾਂ ਖਿਲਾਫ਼ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸੰਬੰਧੀ ਜਾਰੀ ਨੋਟੀਫ਼ਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ | ਕਿਸਾਨ ਆਗੂਆਂ ਨੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿਸ ਸੂਬੇ 'ਚੋਂ ਦਰਿਆ ਵਗਦੇ ਹਨ, ਉਸ ਦਾ ਪਾਣੀਆਂ 'ਤੇ ਪਹਿਲਾ ਹੱਕ ਬਣਦਾ ਹੈ | ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ 'ਚ ਗਵਰਨਰ ਹਾਊਸ ਵੱਲ ਮਾਰਚ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾਵੇਗਾ | ਇਸ ਮੌਕੇ ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਡੇਰਾਬੱਸੀ ਲੱਖੋਵਾਲ, ਜਗਤਾਰ ਸਿੰਘ ਝਰਮੜੀ, ਹਰੀ ਸਿੰਘ ਬਹੋੜਾ, ਨਾਨੂੰ ਸਿੰਘ ਜਨੇਤਪੁਰ, ਬਲਬੀਰ ਸਿੰਘ, ਜਸਵਿੰਦਰ ਸਿੰਘ ਅਮਲਾਲਾ, ਦਰਬਾਰਾ ਸਿੰਘ ਹਸਨਪੁਰ, ਗੁਰਪਾਲ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਹਰੀ ਸਿੰਘ, ਕੇਹਰ ਸਿੰਘ ਚਡਿਆਲਾ ਅਤੇ ਮੋਹਨ ਸਿੰਘ ਕਸੌਲੀ ਆਦਿ ਹਾਜ਼ਰ ਸਨ |