ਰਾਜਪਾਲ ਕਟਾਰੀਆ ਸਮੇਤ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਵਿਲੱਖਣ ਸੁਨੇਹਾ <br/>
ਅਜੀਤ ਡੈਸਕ
21-05-2026
ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਰਕਾਰੀ ਬੱਸ ਰਾਹੀਂ ਦਫ਼ਤਰ ਪਹੁੰਚੇ | ਉਨ੍ਹਾਂ ਦੇ ਨਾਲ ਕੁਝ ਹੋਰ ਅਧਿਕਾਰੀਆਂ ਨੇ ਵੀ ਜਨਤਕ ਆਵਾਜਾਈ ਦੀ ਵਰਤੋਂ ਕੀਤੀ | ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਵਾਹਨਾਂ ਕਾਰਨ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਅਤੇ ਟ੍ਰੈਫਿਕ ਸਮੱਸਿਆ ਗੰਭੀਰ ਰੂਪ ਧਾਰ ਰਹੀ ਹੈ | ਉਨ੍ਹਾਂ ਕਿਹਾ ਕਿ 'ਨੋ ਵਹੀਕਲ ਡੇ' ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਹੈ | ਜੇਕਰ ਹਰ ਨਾਗਰਿਕ ਹਫ਼ਤੇ 'ਚ ਇੱਕ ਦਿਨ ਨਿੱਜੀ ਵਾਹਨ ਦੀ ਥਾਂ ਬੱਸ, ਸਾਈਕਲ ਜਾਂ ਪੈਦਲ ਚੱਲਣ ਨੂੰ ਤਰਜੀਹ ਦੇਵੇ ਤਾਂ ਵਾਤਾਵਰਨ 'ਤੇ ਵੱਡਾ ਸਕਾਰਾਤਮਕ ਅਸਰ ਪੈ ਸਕਦਾ ਹੈ | ਚੰਡੀਗੜ੍ਹ 'ਚ ਜਨਤਕ ਆਵਾਜਾਈ ਨੂੰ ਹੋਰ ਸੁਧਾਰਨ ਲਈ ਇਲੈਕਟਿ੍ਕ ਬੱਸਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਤੇ ਸਾਈਕਲ ਟਰੈਕਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ 'ਗ੍ਰੀਨ ਮੋਬਿਲਿਟੀ' ਨੂੰ ਉਤਸ਼ਾਹਿਤ ਕਰਨ ਲਈ ਹੋਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ | ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਖੁਦ ਸਾਈਕਲ ਰਾਹੀਂ ਦਫ਼ਤਰ ਪਹੁੰਚ ਕੇ ਮੁਹਿੰਮ ਦੀ ਅਗਵਾਈ ਕੀਤੀ | ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਵੀ ਤੰਦਰੁਸਤੀ ਲਈ ਸਾਈਕਲ ਦੀ ਵਰਤੋਂ ਕਰਦੇ ਹਨ ਅਤੇ ਇਹ ਮੁਹਿੰਮ ਤੇਲ ਬੱਚਤ, ਵਾਤਾਵਰਨ ਸੁਰੱਖਿਆ ਤੇ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ 'ਚ ਲੋਕਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾ ਸਕਦੀ ਹੈ | ਉਨ੍ਹਾਂ ਸ਼ਹਿਰ ਦੇ ਪ੍ਰਮੁੱਖ ਨਾਗਰਿਕਾਂ ਨੂੰ ਵੀ ਵਾਤਾਵਰਨ-ਪੱਖੀ ਆਵਾਜਾਈ ਅਪਣਾਉਣ ਦੀ ਅਪੀਲ ਕੀਤੀ |
ਪੰਜਾਬ 'ਚ ਵੀ ਲਾਗੂ ਕਰਨ 'ਤੇ ਕੀਤਾ ਜਾ ਰਿਹਾ ਵਿਚਾਰਰਾਜਪਾਲ ਕਟਾਰੀਆ
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿਚ ਇਸ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਇਸ ਤਰ੍ਹਾਂ ਦੀ ਪਹਿਲ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ | ਉਨ੍ਹਾਂ ਮੁਤਾਬਕ 'ਨੋ ਵਹੀਕਲ ਵੈਡਨਸਡੇ' ਦਾ ਮੁੱਖ ਮਕਸਦ ਤੇਲ ਬੱਚਤ, ਟ੍ਰੈਫਿਕ ਭੀੜ ਤੇ ਪ੍ਰਦੂਸ਼ਣ ਘਟਾਉਣਾ ਹੈ | ਨਾਲ ਹੀ ਸਾਈਕਲਿੰਗ ਤੇ ਪੈਦਲ ਚੱਲਣ ਵਰਗੀਆਂ ਆਦਤਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ |
ਇਸ ਮੁਹਿੰਮ ਵਿਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ, ਆਈ.ਜੀ. ਪੁਸ਼ਪੇਂਦਰ ਕੁਮਾਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਾਜੀਵ ਤਿਵਾੜੀ, ਖੇਡ ਨਿਰਦੇਸ਼ਕ ਸੌਰਭ ਕੁਮਾਰ ਅਰੋੜਾ ਤੇ ਮੁੱਖ ਇੰਜੀਨੀਅਰ ਸੀ.ਬੀ. ਓਝਾ ਸਾਈਕਲਾਂ ਰਾਹੀਂ ਦਫ਼ਤਰ ਪਹੁੰਚੇ | ਇਸੇ ਤਰ੍ਹਾਂ ਸਿੱਖਿਆ ਸਕੱਤਰ ਪ੍ਰੇਰਣਾ ਪੁਰੀ ਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਪੈਦਲ ਆਪਣੇ ਦਫ਼ਤਰ ਪੁੱਜੇ | ਆਈ.ਟੀ. ਸਕੱਤਰ ਡੀ. ਕਾਰਥਿਕੇਯਨ, ਵਧੀਕ ਗ੍ਰਹਿ ਸਕੱਤਰ ਅਮਿਤ ਕੁਮਾਰ, ਡਾਇਰੈਕਟਰ ਟਰਾਂਸਪੋਰਟ ਅਵਿਕੇਸ਼ ਗੁਪਤਾ ਤੇ ਵਧੀਕ ਸਕੱਤਰ ਐਚ.ਏ.ਸੀ. ਅਖਿਲ ਕੁਮਾਰ ਨੇ ਸੀ.ਟੀ.ਯੂ. ਬੱਸਾਂ ਦੀ ਵਰਤੋਂ ਕੀਤੀ ਉੱਥੇ ਹੀ ਸਮਾਜ ਭਲਾਈ ਵਿਭਾਗ ਦੀ ਸਕੱਤਰ ਅਨੁਰਾਧਾ ਐਸ. ਚਗਤੀ, ਵਿਭਾਗ ਦੀ ਡਾਇਰੈਕਟਰ ਰਾਧਿਕਾ ਸਿੰਘ ਤੇ ਡਾਇਰੈਕਟਰ ਤਕਨੀਕੀ ਸਿੱਖਿਆ ਪਾਲਿਕਾ ਅਰੋੜਾ ਨੇ ਕਾਰ ਪੂਲਿੰਗ ਰਾਹੀਂ ਦਫ਼ਤਰ ਪਹੁੰਚਣਾ ਚੁਣਿਆ ਜਦਕਿ ਡਾਇਰੈਕਟਰ ਸਕੂਲ ਸਿੱਖਿਆ ਨਿਤਿਸ਼ ਸਿੰਗਲਾ ਈ-ਵਾਹਨ ਰਾਹੀਂ ਦਫ਼ਤਰ ਆਏ |