ਕੁਰਾਲੀ, 20 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ 'ਚ ਉਦੋਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕੁਰਾਲੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਆਗੂ ਚਰਨਜੀਤ ਸਿੰਘ ਭੱਟੀ ਦੇ ਨੌਜਵਾਨ ਪੁੱਤਰ ਜਸਦੀਪ ਸਿੰਘ ਭੱਟੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪੜ੍ਹਾਈ ਦੇ ਨਾਲ ਨਾਲ ਡਿਲਿਵਰੀ ਦਾ ਕੰਮ ਕਰਦਾ ਸਵ. ਜਸਦੀਪ ਸਿੰਘ ਭੱਟੀ ਬੀਤੀ ਸ਼ਾਮ ਆਪਣੇ ਘਰ ਵੱਲ ਪਰਤ ਰਿਹਾ ਸੀ ਕਿ ਉਦੋਂ ਉਹ ਖਰੜ ਕੁਰਾਲੀ ਸੜਕ 'ਤੇ ਅਮਾਇਰਾ ਨੇੜੇ ਇਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ 'ਚ ਆ ਗਿਆ | ਇਸ ਹਾਦਸੇ ਦੌਰਾਨ ਤੇਜ਼ ਰਫ਼ਤਾਰ ਕਾਰ ਚਾਲਕ ਨੁਕਸਾਨੀ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਸਵ. ਜਸਦੀਪ ਸਿੰਘ ਭੱਟੀ ਦਾ ਅੰਤਿਮ ਸੰਸਕਾਰ ਅੱਜ ਦੇਰ ਸ਼ਾਮ ਕੁਰਾਲੀ ਦੇ ਨਿਹੋਲਕਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਦੌਰਾਨ ਇਲਾਕੇ ਦੇ ਵੱਖ-ਵੱਖ ਰਾਜਨੀਤਕ ਆਗੂਆਂ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭੱਟੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ |