ਕੁਰਾਲੀ, 20 ਮਈ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਦਿਨ-ਦਿਹਾੜੇ ਇਕ ਨਾਬਾਲਿਗ ਲੜਕੀ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸੇਵਾ ਮੁਕਤ ਅਧਿਆਪਕਾ ਭੁਪਿੰਦਰਪਾਲ ਕੌਰ ਵਾਸੀ ਸਿੰਘਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ 11 ਸਾਲ ਪਹਿਲਾਂ ਪ੍ਰਭਜੋਤ ਕੌਰ ਵਾਸੀ ਪਿੰਡ ਪੁਰਖਾਲੀ ਨਾਲ ਹੋਇਆ ਸੀ ਤੇ ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ | ਉਨ੍ਹਾਂ ਮੁਤਾਬਿਕ ਉਸ ਦੇ ਪੁੱਤਰ ਨੇ ਵੱਡੀ ਲੜਕੀ ਗੋਦ ਲਈ ਹੋਈ ਹੈ ਅਤੇ ਪਰਿਵਾਰਕ ਵਿਵਾਦ ਕਾਰਨ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ | ਭੁਪਿੰਦਰਪਾਲ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਆਪਣੇ ਪਤੀ ਕਰਮ ਸਿੰਘ ਨਾਲ ਕੁਰਾਲੀ ਸਥਿਤ ਸਕੂਲ ਤੋਂ ਆਪਣੀ ਪੋਤੀ ਨੂੰ ਪਿੰਡ ਸਿੰਘਪੁਰਾ ਆਪਣੇ ਘਰ ਲੈ ਕੇ ਆ ਰਹੇ ਸਨ ਅਤੇ ਇਸੇ ਦੌਰਾਨ ਜਦੋਂ ਉਹ ਘਰ ਦੇ ਗੇਟ ਦੇ ਨੇੜੇ ਪੰਹੁਚੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਸਕੂਟਰੀ ਰੋਕ ਕੇ ਲੜਕੀ ਨੂੰ ਜਬਰੀ ਖੋਹ ਲਿਆ | ਉਨ੍ਹਾਂ ਦੱਸਿਆ ਕਿ ਪਿੱਛੋਂ ਇਕ ਕਾਰ 'ਚ ਸਵਾਰ ਕੁਝ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ ਤੇ ਲੜਕੀ ਨੂੰ ਲੈ ਕੇ ਫ਼ਰਾਰ ਹੋ ਗਏ | ਘਟਨਾ ਦੌਰਾਨ ਉਨ੍ਹਾਂ ਵਲੋਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ, ਉਪਰੰਤ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਕੁਰਾਲੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਇਹ ਸਾਰੀ ਘਟਨਾ ਘਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਭੁਪਿੰਦਰਪਾਲ ਕੌਰ ਨੇ ਦੱਸਿਆ ਕਿ ਕੁਝ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ | ਇਸ ਮਾਮਲੇ 'ਚ ਕੁਰਾਲੀ ਪੁਲਿਸ ਨੇ ਸੰਦੀਪ ਕੁਮਾਰ ਵਾਸੀ ਪਿੰਡ ਕੁਰੜੀ, ਗੁਰਦਰਸ਼ਨ ਸਿੰਘ ਤੇ ਬਿਕਰਮਜੀਤ ਸਿੰਘ ਵਾਸੀਆਨ ਪੁਰਖਾਲੀ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |