ਖਰੜ, 20 ਮਈ (ਗੁਰਮੁੱਖ ਸਿੰਘ ਮਾਨ)- ਖਰੜ ਸ਼ਹਿਰ ਵਿਚ ਪੁਰਾਣੀ ਮੋਰਿੰਡਾ ਸੜਕ 'ਤੇ ਮਿਊਾਸੀਪਲ ਪਾਰਕ ਖਰੜ ਦੇ ਨੇੜੇ ਲੇਬਰ ਚੌਕ ਸਥਿਤ ਹੈ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਮਜ਼ਦੂਰ ਕੰਮਕਾਜ਼ ਦੀ ਭਾਲ ਲਈ ਆਉਂਦੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਖਰੜ-ਚੰਡੀਗੜ੍ਹ ਹਾਈਵੇਅ 'ਤੇ ਪੁਲਿਸ ਥਾਣੇ ਦੇ ਕੱਟ 'ਤੇ ਦੋਨੋਂ ਪਾਸੇ ਰੋਜ਼ਾਨਾ ਮਜ਼ਦੂਰ ਵੱਡੀ ਗਿਣਤੀ 'ਚ ਖੜ੍ਹਨ ਲੱਗ ਪਏ ਹਨ ਜਿਸ ਕਾਰਨ ਇਥੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇਥੇ ਖੜ੍ਹਦੇ ਮਜ਼ਦੂਰਾਂ ਕੋਲ ਜਦੋਂ ਕੋਈ ਵਿਅਕਤੀ ਆਉਂਦਾ ਹੈ ਤਾਂ ਮਜ਼ਦੂਰ ਇਕਦਮ ਭੱਜ ਕੇ ਅੱਗੇ ਜਾਂਦੇ ਹਨ ਤੇ ਇਸ ਸੜਕ 'ਤੇ ਵਾਹਨਾਂ ਦੀ ਜ਼ਿਆਦਾ ਆਵਾਜਾਈ ਹੋਣ ਕਰਕੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਇਥੋਂ ਰੋਜ਼ਾਨਾ ਵੱਡੀ ਗਿਣਤੀ ਰਾਜਸੀ ਆਗੂ ਤੇ ਅਧਿਕਾਰੀ ਗੁਜ਼ਰਦੇ ਹਨ ਪਰ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਇਸ ਮਸਲੇ ਬਾਬਤ ਗੱਲਬਾਤ ਕਰਦਿਆਂ ਭਾਜਪਾ ਆਗੂ ਪਵਨ ਕੁਮਾਰ ਮਨੋਚਾ, ਸਮਾਜ ਸੇਵੀ ਅਮਨਦੀਪ ਸਿੰਘ ਅੰਮੂ ਤੇ ਗੁਰਨਾਮ ਸਿੰਘ ਸੋਹਲ ਸਮੇਤ ਹੋਰਨਾਂ ਪਤਵੰਤਿਆਂ ਨੇ ਕਿਹਾ ਕਿ ਜਦੋਂ ਮਿਊਾਸੀਪਲ ਪਾਰਕ ਖਰੜ ਨੇੜੇ ਪੱਕੇ ਤੌਰ 'ਤੇ ਮਜ਼ਦੂਰਾਂ ਦੇ ਖੜ੍ਹਨ ਲਈ ਲੇਬਰ ਚੌਕ ਬਣਿਆ ਹੋਇਆ ਹੈ ਤਾਂ ਹਾਈਵੇਅ 'ਤੇ ਮਜ਼ਦੂਰਾਂ ਨੂੰ ਖੜ੍ਹਨਾ ਹੀ ਨਹੀਂ ਚਾਹੀਦਾ | ਉਨ੍ਹਾਂ ਮੰਗ ਕੀਤੀ ਕਿ ਇਥੇ ਜੋ ਮਜ਼ਦੂਰ ਸਵੇਰ ਸਮੇਂ ਖੜ੍ਹਦੇ ਹਨ, ਉਨ੍ਹਾਂ ਨੂੰ ਮੁੜ ਤੋਂ ਲੇਬਰ ਚੌਕ ਖਰੜ ਵਿਖੇ ਭੇਜਿਆ ਜਾਣਾ ਚਾਹੀਦਾ ਹੈ |