ਚੰਡੀਗੜ੍ਹ, 23 ਮਈ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਰਾਣੀ ਲਕਸ਼ਮੀ ਬਾਈ ਆਡੀਟੋਰੀਅਮ ਸੈਕਟਰ-38 ਚੰਡੀਗੜ੍ਹ ਵਿਖੇ ਵਰ੍ਹਾ 2024 ਦੇ ਐਵਾਰਡਾਂ ਨਾਲ ਲੇਖਕਾਂ ਤੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. ਰਤਨ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਵਲੋਂ ਕੀਤੀ ਗਈ | ਸਮਾਰੋਹ ਦੇ ਆਰੰਭ ਵਿਚ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਨੇ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਸਾਹਿਤ, ਭਾਸ਼ਾ ਤੇ ਸਭਿਆਚਾਰ ਦੇ ਸੰਭਾਲ ਅਤੇ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਤੇ ਲੇਖਕ ਆਪਣੀ ਕਲਮ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ | ਇਸੇ ਦੌਰਾਨ ਮੁੱਖ ਮਹਿਮਾਨ ਪ੍ਰੋ. ਰਤਨ ਸਿੰਘ ਨੇ ਕਿਹਾ ਕਿ ਸਾਹਿਤ ਸਮਾਜ ਦੀ ਆਤਮਾ ਹੈ, ਜੋ ਮਨੁੱਖ ਨੂੰ ਸੰਵੇਦਨਸ਼ੀਲਤਾ, ਸੰਸਕਾਰਾਂ ਅਤੇ ਮਨੁੱਖੀ ਮੁੱਲਾਂ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ ਮਜ਼ਬੂਤ ਸਾਹਿਤ ਸਮਾਜ ਨੂੰ ਸਹੀ ਦਿਸ਼ਾ ਦੇਣ ਤੇ ਸਮਾਜਿਕ ਚੇਤਨਾ ਜਗਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਰਾਸ਼ਟਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਹਿਤ ਪ੍ਰਤੀ ਲੋਕਾਂ ਦੀ ਰੁਚੀ ਲਗਾਤਾਰ ਵੱਧ ਰਹੀ ਹੈ, ਜੋ ਸਮਾਜ ਲਈ ਇੱਕ ਸਕਾਰਾਤਮਕ ਸੰਕੇਤ ਹੈ | ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਕਵਿਤਾ, ਕਹਾਣੀ, ਲੇਖਨ ਤੇ ਕਿਤਾਬਾਂ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਹੀ ਹੈ | ਇਸ ਮੌਕੇ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਅਤੇ ਸਕੱਤਰ ਸੁਭਾਸ਼ ਭਾਸਕਰ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ 'ਬੁੱਕ ਆਫ ਦ ਈਅਰ ਐਵਾਰਡ' ਅਧੀਨ ਰਾਜਵੀਰ ਦੇਸ਼ਵਾਲ, ਪ੍ਰੋ. ਯੋਜਨਾ ਰਾਵਤ, ਵਿਜੈ ਕਪੂਰ, ਲਿਲੀ ਸਵਰਨ, ਪਿ੍ੰ. ਬਹਾਦਰ ਸਿੰਘ ਗੌਂਸਲ, ਹਰਬੰਸ ਕੌਰ ਗਿੱਲ, ਪੰਕਜ ਮਾਲਵੀਯ ਅਤੇ ਰਾਜੇਂਦਰ ਵਿਸ਼ੇਸ਼ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪੁਸਤਕ ਪ੍ਰਕਾਸ਼ਨ ਅਨੁਦਾਨ ਯੋਜਨਾ ਅਧੀਨ ਚੁਣੇ ਗਏ ਲੇਖਕਾਂ ਵਿਚ ਪ੍ਰੇਮ ਵਿਜ, ਸ਼ਸ਼ੀ ਪ੍ਰਭਾ, ਧੀਰਜਾ ਸ਼ਰਮਾ, ਪ੍ਰਗਿਆ ਸ਼ਾਰਦਾ, ਮੋਹਨਲਾਲ ਜਾਟ, ਅਲਕਾ ਕਾਂਸਰਾ, ਰਾਜੇਂਦਰ ਧਵਨ, ਬਿ੍ਜਭੂਸ਼ਣ, ਮਨੋਜ ਕੁਮਾਰ, ਰਵਿੰਦਰ ਟੰਡਨ, ਹਰਲੀਨ ਕੌਰ, ਦਵਿੰਦਰ ਕੌਰ ਢਿੱਲੋਂ, ਸਿਮਰਨਜੀਤ ਕੌਰ ਗਰੇਵਾਲ, ਹਰਦੇਵ ਚੌਹਾਨ, ਗੁਰਦਰਸ਼ਨ ਸਿੰਘ ਮਾਵੀ, ਹਰੀਸ਼ ਜੈਨ, ਸੁਭਾਸ਼ ਸ਼ਰਮਾ, ਰਾਜੇਸ਼ ਅਤਰੇ ਤੇ ਸਤੀਸ਼ ਥਿੰਡ ਨੂੰ ਵੀ ਨਕਦ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਤੇ ਉੱਘੀ ਗਾਇਕਾ ਸੁੱਖੀ ਬਰਾੜ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਰੇਖਾ ਮਿੱਤਲ, ਕੇ.ਕੇ. ਸ਼ਰਮਾ, ਨਰਿੰਦਰ ਕੌਰ ਲੌਂਗੀਆਂ, ਨੀਲਮ, ਗੁਨੀਤ ਕੌਰ ਗਰੇਵਾਲ, ਡਾ. ਰਵਿੰਦਰ ਕੌਰ, ਜਗਦੀਪ ਸਿੱਧੂ, ਹਮੀਤ ਸਿੰਘ ਗਰੇਵਾਲ, ਪਰਮਜੀਤ ਮਾਨ, ਡਾ. ਗੁਰਦੇਵ ਸਿੰਘ ਗਿੱਲ ਤੋਂ ਇਲਾਵਾ ਸੁਖਵਿੰਦਰ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਮੀਤ, ਗੁਰਮੇਲ ਸਿੱਧੂ, ਡਾ. ਪ੍ਰਵੀਨ, ਆਰ.ਕੇ. ਭਗਤ ਆਦਿ ਸਾਹਿਤਕਾਰਾਂ, ਲੇਖਕਾਂ, ਕਵੀਆਂ ਨੇ ਸ਼ਮੂਲੀਅਤ ਕੀਤੀ | ਕਵਿੱਤਰੀ ਅੰਜੂ ਰਾਣੀ ਸ਼ਰਮਾ ਵਲੋਂ ਸਮਾਰੋਹ ਦੌਰਾਨ ਆਪਣੀ ਢੁੱਕਵੀਂ ਸਟੇਜੀ ਕਲਾ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ | ਡਾ. ਅਨੀਸ਼ ਗਰਗ ਨੇ ਸਾਰੇ ਮਹਿਮਾਨਾਂ, ਸਾਹਿਤਕਾਰਾਂ, ਸਨਮਾਨਿਤ ਰਚਨਾਕਾਰਾਂ ਤੇ ਮੌਜੂਦ ਸਰੋਤਿਆਂ ਦਾ ਧੰਨਵਾਦ ਕੀਤਾ |