ਚੰਡੀਗੜ੍ਹ, 24 ਮਈ (ਮਾਰਕੰਡਾ)- ਪੀ.ਜੀ.ਆਈ. ਚੰਡੀਗੜ੍ਹ ਦੇ ਵਧੀਕ ਪ੍ਰੋਫੈਸਰ-ਕਮ-ਜੁਆਇੰਟ ਮੈਡੀਕਲ ਸੁਪਰਡੈਂਟ ਡਾ. ਨਵਨੀਤ ਧਾਲੀਵਾਲ ਨੇ ਭਾਰਤੀ ਤਕਨੀਕੀ ਤੇ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਦੇ ਆਰਥਿਕ ਸਹਿਯੋਗ ਨਾਲ 33ਵਾਂ ਅੰਤਰਰਾਸ਼ਟਰੀ ਜਨਤਕ ਸਿਹਤ ਪ੍ਰਬੰਧਨ ਵਿਕਾਸ ਪ੍ਰੋਗਰਾਮ ਕਰਵਾਇਆ ਜਿਸ ਵਿਚ 18 ਦੇਸ਼ਾਂ ਦੇ 41 ਅੰਤਰਰਾਸ਼ਟਰੀ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰੋਗਰਾਮ ਡਾਇਰੈਕਟਰ ਡਾ. ਸੋਨੂੰ ਗੋਇਲ ਨੇ ਕਿਹਾ ਕਿ ਪੀ.ਜੀ.ਆਈ. ਨੇ ਦੇਸ਼ ਦੇ ਨਾਗਰਿਕਾਂ ਨੂੰ ਅਤਿ-ਆਧੁਨਿਕ ਡਿਜੀਟਲ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਿਚ ਸ਼ਾਨਦਾਰ ਭੂਮਿਕਾ ਨਿਭਾਈ ਹੈ | ਜੋ ਕਿ ਡਿਜੀਟਲ ਸਿਹਤ ਮਿਸ਼ਨ ਲਈ ਇਕ ਮਸ਼ਾਲ ਬਣ ਕੇ ਉੱਭਰਿਆ ਹੈ | ਪ੍ਰੋਗਰਾਮ ਦੌਰਾਨ ਪੀ.ਜੀ.ਆਈ ਦੇ ਨਵੇਂ ਬਣੇ ਨਹਿਰੂ ਬਲਾਕ ਨੇ ਹਰੇ-ਭਰੇ ਹਸਪਤਾਲ ਦੀ ਇਮਾਰਤ ਲਈ ਵੱਕਾਰੀ ਪਲੈਟੀਨਮ ਰੇਟਿੰਗ ਪੁਰਸਕਾਰ ਜਿੱਤਿਆ ਹੈ | ਇਸ ਖੇਤਰੀ ਦੌਰੇ ਦੌਰਾਨ ਡੈਲੀਗੇਟਾਂ ਨੇ ਅਤਿ-ਆਧੁਨਿਕ ਅਭਿਆਸਾਂ ਜਿਨ੍ਹਾਂ ਵਿਚ ਰੋਟੋ ਸੈਂਟਰ (ਖੇਤਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ), ਟੈਲੀ-ਐਵੀਡੈਂਸ ਤੇ ਟੈਲੀਮੈਡੀਸਨ ਸੈਂਟਰ ਨੂੰ ਦੇਖਿਆ ਗਿਆ | ਅੰਤਰਰਾਸ਼ਟਰੀ ਡੈਲੀਗੇਟਾਂ ਨੇ ਅੰਗ ਦਾਨ ਦੇ ਨੇਕ ਕਾਰਜ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਰੋਟੋ ਦੇਸ਼ ਦਾ ਪਹਿਲਾ ਅੰਗ ਟਰਾਂਸਪਲਾਂਟ ਬਣਿਆ ਜਿੱਥੇ 2015-2016 ਵਿਚ ਆਪਣੀ ਸ਼ੁਰੂਆਤ ਤੋਂ ਬਾਅਦ ਲਗਾਤਾਰ ਸਭ ਤੋਂ ਵਧੀਆ ਕੇਂਦਰ ਬਣ ਕੇ ਸਾਹਮਣੇ ਆਇਆ ਹੈ |