ਕੁਰਾਲੀ, 24 ਮਈ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਵਿਖੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਅੱਜ ਵਾ. ਨੰ. 8 ਤੋਂ ਉਮੀਦਵਾਰ ਪ੍ਰਦੀਪ ਕੁਮਾਰ ਰੂੜਾ ਦੇ ਹੱਕ 'ਚ ਇਕ ਵਿਸ਼ਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਖੇੜਾ ਨੇ ਲੋਕਾਂ ਤੋਂ ਪ੍ਰਦੀਪ ਰੂੜਾ ਦੇ ਹੱਕ 'ਚ ਵੋਟਾਂ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਿੱਤ ਮਿਲਦੀ ਹੈ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਸੜਕਾਂ ਦੀ ਮੁਰੰਮਤ, ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ ਤੇ ਸਟਰੀਟ ਲਾਈਟਾਂ ਦੇ ਪ੍ਰਬੰਧ ਨੂੰ ਪਹਿਲ ਦੇ ਅਧਾਰ 'ਤੇ ਤਰਜੀਹ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲੋਕਾਂ ਦੀ ਭਲਾਈ ਅਤੇ ਸ਼ਹਿਰ ਤੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਜਰਨੈਲ ਸਿੰਘ ਰਕੌਲੀ, ਲੱਕੀ ਵਜੀਦਪੁਰ, ਮਨਜੀਤ ਸਿੰਘ ਮਹਿਤੋਂ ਸਮੇਤ ਹੋਰ ਵਾਰਡ ਵਾਸੀ ਹਾਜ਼ਰ ਸਨ |