ਐੱਸ. ਏ. ਐੱਸ ਨਗਰ, 25 ਮਈ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹੇ 'ਚ ਨਗਰ ਨਿਗਮ ਅਤੇ ਨਗਰ ਕੌਸਲ ਦੀਆਂ ਅੱਜ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਜ਼ਿਲਾ ਮੈਜਿਸਟ੍ਰੇਟ ਕੋਮਲ ਮਿੱਤਲ ਵਲੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ | ਜ਼ਿਲਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਤੇ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਐਸ. ਓ. ਪੀਜ਼. ਤਹਿਤ ਚੋਣਾਂ ਵਾਲੇ ਦਿਨਅਤੇ ਗਿਣਤੀ ਵਾਲੇ ਦਿਨ ਪੋਲਿੰਗ ਬੂਥਾਂ/ਗਿਣਤੀ ਕੇਂਦਰਾਂ ਦੇ 200 ਮੀਟਰ ਦੇ ਘੇਰੇ ਅੰਦਰ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਤੇ ਪ੍ਰਚਾਰ ਨਾਲ ਸੰਬੰਧਿਤ ਕੋਈ ਪੋਸਟਰ ਬੈਨਰ ਨਹੀਂ ਲਗਾਇਆ ਜਾਵੇਗਾ | ਇਸੇ ਤਰਾਂ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਦਾ ਪੋਲਿੰਗ ਬੂਥ/ਟੈਂਟ ਲੱਗਣ 'ਤੇ ਮਨਾਹੀ ਹੋਵੇਗੀ | ਉਨਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਸਿਵਾਏ ਚੋਣ ਕਮਿਸ਼ਨ, ਜ਼ਿਲਾ ਚੋਣ ਅਫ਼ਸਰ ਅਤੇ ਹਲਕੇ ਦਾ ਰਿਟਰਨਿੰਗ ਅਫ਼ਸਰ ਮਤਦਾਨ ਬੂਥ ਦੇ 200 ਮੀਟਰ ਦੇ ਘੇਰੇ 'ਚ ਗੱਡੀ ਨਹੀਂ ਲਿਜਾ ਸਕੇਗਾ | ਉਨ੍ਹਾਂ ਦੱਸਿਆ ਕਿ ਚੋਣ ਬੂਥ ਦੇ 100 ਮੀਟਰ ਦੇ ਘੇਰੇ 'ਚ ਕਿਸੇ ਵੀ ਵਿਅਕਤੀ ਵਲੋਂ ਸੈਲੂਲਰ ਫੋਨ/ਵਾਇਰਲੈਸ ਸੈੱਟ/ਲਾਊਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਨਾਲ ਚੋਣ ਪ੍ਰਕਿਰਿਆ ਦੌਰਾਨ ਅਮਨ-ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ |