ਦੱਖਣੀ ਸੈਕਟਰਾਂ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ 'ਚ ਭਖਿਆ ਟਕਰਾਅ <br/>
ਅਜੀਤ ਡੈਸਕ
27-05-2026
ਇਸ ਵਿਵਾਦ ਦੀ ਜੜ ਲਾਇਨ ਸਰਵਿਸਜ਼ ਲਿਮਿਟੇਡ ਦੇ ਟੈਂਡਰ ਨਾਲ ਜੁੜੀ ਹੋਈ ਹੈ | ਕੰਪਨੀ ਨੇ ਨਵੇਂ ਟੈਂਡਰ ਵਿਚ 5.93 ਕਰੋੜ ਰੁਪਏ ਪ੍ਰਤੀ ਮਹੀਨਾ (ਲਗਭਗ 71.16 ਕਰੋੜ ਰੁਪਏ ਸਾਲਾਨਾ) ਦੀ ਸਭ ਤੋਂ ਘੱਟ ਬੋਲੀ ਦਿੱਤੀ ਸੀ, ਜੋ ਨਿਗਮ ਦੇ ਅੰਦਾਜ਼ੇ 4.39 ਕਰੋੜ ਰੁਪਏ ਮਹੀਨਾਵਾਰ ਖ਼ਰਚ ਨਾਲ ਕਰੀਬ 35 ਫ਼ੀਸਦੀ ਵੱਧ ਸੀ | ਇਸ ਕਾਰਨ ਨਿਗਮ ਅਧਿਕਾਰੀਆਂ ਨੇ ਐਕਸਟੈਂਸ਼ਨ ਜਾਂ ਨਵਾਂ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਕੋਲ ਭੇਜਿਆ ਗਿਆ ਹੈ | ਹਾਲਾਂਕਿ ਪਿਛਲੀ ਨਿਗਮ ਸਦਨ ਬੈਠਕ ਦੌਰਾਨ ਲਾਇਨ ਕੰਪਨੀ ਨੂੰ ਸਭ ਤੋਂ ਘੱਟ ਬੋਲੀਦਾਰ ਹੋਣ ਦੇ ਆਧਾਰ 'ਤੇ ਕੰਮ ਸੌਂਪਣ ਦਾ ਪ੍ਰਸਤਾਵ ਪਾਸ ਹੋਇਆ ਸੀ, ਪਰ ਨਿਗਮ ਅਧਿਕਾਰੀਆਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ | ਇਸ ਕਾਰਨ ਸਦਨ ਅਤੇ ਨਿਗਮ ਪ੍ਰਸ਼ਾਸਨ ਵਿਚਕਾਰ ਟਕਰਾਅ ਹੋਰ ਗਹਿਰਾਉਂਦਾ ਜਾ ਰਿਹਾ ਹੈ | ਦੂਜੇ ਪਾਸੇ, ਸਫ਼ਾਈ ਕਰਮਚਾਰੀਆਂ ਵਿਚ ਨੌਕਰੀਆਂ ਖ਼ਤਮ ਹੋਣ ਦੀ ਚਿੰਤਾ ਵੀ ਵਧ ਗਈ ਹੈ | ਸੋਮਵਾਰ ਨੂੰ ਕਈ ਕਰਮਚਾਰੀ ਡਿਊਟੀ 'ਤੇ ਨਹੀਂ ਪਹੁੰਚੇ, ਜਿਸ ਤੋਂ ਬਾਅਦ ਉਨਾਂ ਦੇ ਨੁਮਾਇੰਦਿਆਂ ਨੇ ਮੇਅਰ ਸੌਰਭ ਜੋਸ਼ੀ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ ਸੀ | ਉਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸੇ ਦੀ ਨੌਕਰੀ ਨਹੀਂ ਜਾਵੇਗੀ | ਫ਼ਿਲਹਾਲ ਨਗਰ ਨਿਗਮ ਵਲੋਂ ਦੱਖਣੀ ਸੈਕਟਰਾਂ 'ਚ ਸਫ਼ਾਈ ਪ੍ਰਬੰਧ ਜਾਰੀ ਰੱਖਣ ਲਈ ਡੀ.ਸੀ. ਰੇਟ 'ਤੇ ਕਰਮਚਾਰੀ ਤਾਇਨਾਤ ਕਰਕੇ ਅਸਥਾਈ ਤੌਰ 'ਤੇ ਕੰਮ ਚਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ |