ਚੰਡੀਗੜ੍ਹ, 1 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ 'ਮੇਕ ਇਨ ਹਰਿਆਣਾ ਇੰਡਸਟਰੀਅਲ ਪਾਲਿਸੀ' ਨੂੰ ਲਾਂਚ ਕੀਤਾ | ਸੂਬੇ ਵਿਚ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਲੈ ਕੇ ਲਾਂਚ ਕੀਤੀ ਗਈ ਇਸ ਪਾਲਿਸੀ ਦੇ ਪਹਿਲੇ ਹੀ ਦਿਨ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਦੇ ਐਮ.ਓ.ਯੂ. ਹੋਏ | ਇਸ ਦੇ ਨਾਲ-ਨਾਲ ਉਨ੍ਹਾਂ ਨੇ 9 ਨਵੀਆਂ ਸੈਕਟੋਰਲ ਪਾਲਿਸੀਆਂ ਤੇ ਇੱਕ ਸਮਾਰਟ ਨਿਵੇਸ਼ ਸਹੂਲਤ ਪੋਰਟਲ ਵੀ ਲਾਂਚ ਕੀਤਾ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 'ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ' ਦੇ ਲੋਗੋ ਤੋਂ ਵੀ ਪਰਦਾ ਚੁੱਕਿਆ | ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੀਂ ਪਾਲਿਸੀ ਨਾਲ ਉਦਯੋਗ ਹੋਰ ਮਜ਼ਬੂਤ ਹੋਣਗੇ | ਨਿਵੇਸ਼ ਪ੍ਰਕਿਰਿਆ ਸਰਲ ਹੋਵੇਗੀ ਅਤੇ ਵਿਕਾਸ ਦੇ ਮੌਕੇ ਹੋਰ ਵਿਆਪਕ ਹੋਣਗੇ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਹਰਿਆਣਾ ਵਿੱਚ ਨਿਵੇਸ਼ ਕਰੋ, ਹਰਿਆਣਾ ਦੇ ਨਾਲ ਵਧੋ ਅਤੇ ਆਪਣੇ ਭਵਿੱਖ ਦਾ ਨਿਰਮਾਣ ਕਰੋ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦੀਆਂ ਸਭ ਤੋਂ ਮਜ਼ਬੂਤ ਉਦਯੋਗਿਕ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ | ਦੇਸ਼ ਦੇ ਸਿਰਫ਼ 1.3 ਫੀਸਦੀ ਭੂਗੋਲਿਕ ਖੇਤਰ ਦੇ ਬਾਵਜੂਦ ਹਰਿਆਣਾ ਭਾਰਤ ਦੀ ਜੀਡੀਪੀ ਵਿੱਚ ਲਗਭਗ 3.6 ਫੀਸਦੀ ਯੋਗਦਾਨ ਪਾਉਂਦਾ ਹੈ | ਇਸੇ ਲਈ ਅੱਜ ਹਰਿਆਣਾ ਨੇ ਇੰਟੈਲੀਜੈਂਟ ਇਨਵੈਸਟਮੈਂਟ ਫੈਸਿਲੀਟੇਸ਼ਨ ਪੋਰਟਲ ਲਾਂਚ ਕੀਤਾ ਹੈ ਜੋ ਬੇਹੱਦ ਮਹੱਤਵਪੂਰਨ ਹੈ | ਉਦਯੋਗ ਤੇ ਵਣਜ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਸਿਰਫ਼ ਪਾਲਿਸੀ ਲਾਂਚ ਕਰਨਾ ਨਹੀਂ ਹੈ ਸਗੋਂ ਹਰਿਆਣਾ ਦੀ ਨਵੀਂ ਸੋਚ ਤੇ ਨਵੇਂ ਅਪ੍ਰੋਚ (ਪਹੁੰਚ) ਨੂੰ ਪੇਸ਼ ਕਰਨ ਦਾ ਮੌਕਾ ਹੈ |