ਮਾਜਰੀ/ਮੁੱਲਾਂਪੁਰ ਗਰੀਬਦਾਸ, 1 ਜੂਨ (ਕੁਲਵੰਤ ਸਿੰਘ ਧੀਮਾਨ/ਦਿਲਬਰ ਸਿੰਘ ਖੈਰਪੁਰ)-ਕਸਬਾ ਨਵਾਂਗਰਾਓਾ ਤੋਂ ਨਵੇਂ ਚੁਣੇ ਗਏ ਭਾਜਪਾ ਕੌਂਸਲਰਾਂ ਵੱਲੋਂ ਸਰਕਲ ਪ੍ਰਧਾਨ ਭੁਪਿੰਦਰ ਭੂਪੀ ਦੀ ਅਗਵਾਈ ਹੇਠ ਸੀਨੀਅਰ ਭਾਜਪਾ ਆਗੂ ਵਿਨੀਤ ਜੋਸ਼ੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਨਵ-ਨਿਯੁਕਤ ਕੌਂਸਲਰਾਂ ਨੇ ਨਵਾਂਗਰਾਓਾ ਦੇ ਵਸਨੀਕਾਂ, ਪਾਰਟੀ ਲੀਡਰਸ਼ਿਪ, ਸਮਰਪਿਤ ਕਾਰਕੁਨਾਂ ਤੇ ਵਿਨੀਤ ਜੋਸ਼ੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਦੇ ਮਾਰਗ ਦਰਸ਼ਨ, ਸਹਿਯੋਗ ਤੇ ਅਸ਼ੀਰਵਾਦ ਨਾਲ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ | ਇਸ ਮੌਕੇ ਕੌਂਸਲਰਾਂ ਨੇ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਵਾਂਗਰਾਓਾ, ਕਾਂਸਲ ਤੇ ਆਸ-ਪਾਸ ਦੇ ਖੇਤਰਾਂ ਨਾਲ ਜੁੜੇ ਲੋਕ-ਹਿਤ ਵਾਲੇ ਮੁੱਦਿਆਂ ਦੇ ਹੱਲ ਲਈ ਜੋਸ਼ੀ ਵੱਲੋਂ ਕੀਤੇ ਗਏ ਲਗਾਤਾਰ ਸੰਘਰਸ਼, ਲੋਕ ਸੇਵਾ ਤੇ ਸਰਗਰਮ ਯਤਨਾਂ ਦਾ ਇਸ ਜਿੱਤ 'ਚ ਮਹੱਤਵਪੂਰਨ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਵਿਕਾਸ ਪੱਖੀ ਸੋਚ 'ਤੇ ਮੋਹਰ ਲਗਾਈ ਹੈ | ਮੀਟਿੰਗ ਦੌਰਾਨ ਕਸਬੇ ਦੇ ਸਰਵਪੱਖੀ ਵਿਕਾਸ, ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ, ਲੋਕ ਸਮੱਸਿਆਵਾਂ ਦੇ ਤੁਰੰਤ ਹੱਲ ਤੇ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਭਵਿੱਖ ਦੀ ਕਾਰਜ ਯੋਜਨਾ 'ਤੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਵਿਨੀਤ ਜੋਸ਼ੀ ਨੇ ਸਮੁੱਚੇ ਨਵ-ਨਿਯੁਕਤ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਨਤਾ ਨੇ ਭਾਜਪਾ 'ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਸ ਨੂੰ ਕਿਸੇ ਵੀ ਹਾਲਤ 'ਚ ਟੁੱਟਣ ਨਾ ਦਿੱਤਾ ਜਾਵੇਗਾ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਾਜਪਾ ਦੇ ਸਮੁੱਚੇ ਕੌਂਸਲਰ ਟੀਮ ਭਾਵਨਾ ਨਾਲ ਕੰਮ ਕਰਦਿਆਂ ਕਸਬੇ ਨੂੰ ਵਿਕਾਸ ਪੱਖੋਂ ਆਦਰਸ਼ ਮਾਡਲ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ |