ਕੁਰਾਲੀ, 1 ਜੂਨ (ਬਿੱਲਾ ਅਕਾਲਗੜ੍ਹੀਆ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਈ. ਟੀ. ਟੀ. ਤੋਂ ਮਾਸਟਰ ਕਾਡਰ ਵਜੋਂ ਤਰੱਕੀਆਂ ਦੇ ਆਰਡਰ ਤੁਰੰਤ ਜਾਰੀ ਕੀਤੇ ਜਾਣ | ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਦਹਾਕੇ ਭਰ ਦੇ ਇੰਤਜ਼ਾਰ ਉਪਰੰਤ ਉਪਰੋਕਤ ਤਰੱਕੀਆਂ ਸਰਵਉੱਚ ਅਦਾਲਤ ਦੇ ਟੈਟ ਸੰਬੰਧੀ ਫ਼ੈਸਲੇ ਕਾਰਨ ਰੁਕ ਗਈਆਂ ਸਨ ਤੇ ਹੁਣ ਜਦੋਂ ਕਰੀਬ 100 ਫ਼ੀਸਦੀ ਅਧਿਆਪਕਾਂ ਨੇ ਟੈੱਟ ਪ੍ਰੀਖਿਆ ਪਾਸ ਕਰ ਕੇ ਅਦਾਲਤੀ ਫ਼ੈਸਲੇ ਦੀ ਰੌਸ਼ਨੀ 'ਚ ਆਪਣੀ ਯੋਗਤਾ ਸਾਬਤ ਕਰ ਦਿੱਤੀ ਹੈ ਤਾਂ ਈ. ਟੀ. ਟੀ ਤੋਂ ਮਾਸਟਰ ਕਾਡਰ ਵਜੋਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣੇ ਬਣਦੇ ਹਨ | ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬਕਾਇਆ ਵਿਭਾਗੀ ਕਾਰਵਾਈ ਨੂੰ ਤੁਰੰਤ ਨੇਪਰੇ ਚਾੜ੍ਹਦੇ ਹੋਏ ਤਰੱਕੀਆਂ ਦੇ ਇਸ ਫ਼ੈਸਲੇ ਨੂੰ ਤੁਰੰਤ ਅਮਲੀ ਰੂਪ ਦਿੱਤਾ ਜਾਵੇ |