ਜ਼ੀਰਕਪੁਰ, 1 ਜੂਨ (ਮਨਿੰਦਰ ਸਿੰਘ)- ਢਕੌਲੀ ਦੀ ਸ਼ਾਲੀਮਾਰ ਸੁਸਾਇਟੀ 'ਚ ਪਿਛਲੇ ਪੰਜ ਦਿਨਾਂ ਦੇ ਅੰਦਰ ਸ਼ੱਕੀ ਹਾਲਾਤ 'ਚ ਪੰਜ ਕੁੱਤਿਆਂ ਦੀ ਮੌਤ ਹੋਣ ਕਾਰਨ ਸਥਾਨਕ ਵਸਨੀਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਵਸਨੀਕ ਇਸ ਨੂੰ ਇਤਫ਼ਾਕ ਨਹੀਂ, ਸਗੋਂ ਜਾਣ ਬੁੱਝ ਕੇ ਕੁੱਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖ ਰਹੇ ਹਨ | ਸਥਾਨਕ ਵਸਨੀਕ ਹੰਸਰਾਜ ਸ਼ਰਮਾ ਨੇ ਦੱਸਿਆ ਕਿ ਲਗਭਗ ਪੰਜ ਦਿਨ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਗੁਆਂਢੀ ਹਨੀ ਦੇ ਘਰ ਦੇ ਬਾਹਰ ਇਕ ਬੈਗ 'ਚ ਤਿੰਨ ਮਰੇ ਹੋਏ ਕੁੱਤੇ ਸੁੱਟ ਦਿੱਤੇ ਸਨ | ਉਸ ਸਮੇਂ ਲੋਕਾਂ ਨੇ ਮਨੁੱਖਤਾ ਦਿਖਾਈ ਅਤੇ ਕੁੱਤਿਆਂ ਨੂੰ ਦਫ਼ਨਾ ਦਿੱਤਾ, ਪਰ ਉਸ ਤੋਂ ਬਾਅਦ ਵੀ ਕੁੱਤਿਆਂ ਦਾ ਮਰਨਾ ਬੰਦ ਨਹੀਂ ਹੋਇਆ | ਸੋਮਵਾਰ ਨੂੰ ਇਕ ਹੋਰ ਕੁੱਤੇ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਰੋਸ ਫੈਲ ਗਿਆ | ਇਸ ਘਟਨਾ ਤੋਂ ਬਾਅਦ ਗੁੱਸੇ 'ਚ ਆਏ ਕਾਲੋਨੀ ਵਾਸੀਆਂ ਨੇ ਸੁਸਾਇਟੀ ਦੇ ਪ੍ਰਧਾਨ ਡਾ. ਅਜੇ ਯਾਦਵ ਦੀ ਅਗਵਾਈ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਮੌਕੇ 'ਤੇ ਇਕ ਪਸ਼ੂ ਡਾਕਟਰ ਨੂੰ ਬੁਲਾ ਕੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਮਰੇ ਹੋਏ ਕੁੱਤਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ | ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਇਨ੍ਹਾਂ ਮੌਤਾਂ ਪਿੱਛੇ ਜ਼ਹਿਰ ਦਿੱਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇ ਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਏ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਨੂੰ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਇਸ ਬੇਰਹਿਮੀ ਦਾ ਹੋਰ ਜਾਨਵਰ ਵੀ ਸ਼ਿਕਾਰ ਹੋ ਸਕਦੇ ਹਨ | ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ 'ਚ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ਦੌਰਾਨ ਜ਼ੀਰਕਪੁਰ ਦੇ ਪਿੰਡ ਲੋਹਗੜ੍ਹ 'ਚ ਇਕ ਕੁੱਤਿਆਂ ਦੇ ਆਸਰੇ 'ਚ ਕਤੂਰਿਆਂ ਨੂੰ ਜ਼ਹਿਰੀਲੇ ਲੱਡੂ ਖੁਆ ਕੇ ਮਾਰਨ ਦਾ ਯਤਨ ਕੀਤਾ ਗਿਆ ਸੀ | ਇਸ ਘਟਨਾ 'ਚ ਪੰਜ ਕਤੂਰਿਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਗੰਭੀਰ ਬਿਮਾਰ ਹੋ ਗਏ ਸਨ | ਮਾਮਲੇ ਸੰਬੰਧੀ ਪਸ਼ੂ ਚਿਕਿਤਸਕ ਡਾ. ਦੁਸ਼ਯੰਤ ਪਚੌਰੀ ਨੇ ਕਿਹਾ ਕਿ ਜੋ ਨਮੂਨੇ ਲਿਆਂਦੇ ਗਏ ਸਨ, ਉਨ੍ਹਾਂ 'ਚ ਕਲਾਟ ਬਣੇ ਹੋਏ ਹਨ | ਹੁਣ ਦਫ਼ਨਾਏ ਗਏ ਕੁੱਤਿਆਂ ਨੂੰ ਬਾਹਰ ਕੱਢ ਕੇ ਉਸ ਦੇ ਜਿਗਰ ਤੇ ਗੁਰਦੇ ਦੇ ਨਮੂਨੇ ਪੋਸਟਮਾਰਟਮ ਲਈ ਕਰਨਾਲ ਭੇਜੇ ਜਾਣਗੇ | ਇਸ ਤੋਂ ਬਾਅਦ ਹੀ ਕੁੱਤਿਆਂ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਚੱਲ ਸਕੇਗਾ |