ਨਾਬਾਲਗ ਲੜਕੀ ਸ਼ੱਕੀ ਹਾਲਾਤ 'ਚ ਲਾਪਤਾ
ਅਜੀਤ ਡੈਸਕ
02-06-2026
ਜ਼ੀਰਕਪੁਰ, 1 ਜੂਨ (ਮਨਿੰਦਰ ਸਿੰਘ)- ਨਗਲਾ ਰੋਡ ਤੋਂ ਇਕ ਨਾਬਾਲਿਗ ਲੜਕੀ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ | ਪੁਲਿਸ ਨੇ ਉਸ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸ਼ਿਕਾਇਤ 'ਚ ਲੜਕੀ ਦੀ ਮਾਂ ਨੇ ਕਿਹਾ ਕਿ ਉਹ ਘਰੇਲੂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ | 21 ਮਈ ਨੂੰ ਉਹ ਆਮ ਵਾਂਗ ਕੰਮ 'ਤੇ ਗਈ ਹੋਈ ਸੀ ਤੇ ਜਦੋਂ ਸ਼ਾਮ ਦੇ 7 ਵਜੇ ਦੇ ਕਰੀਬ ਘਰ ਵਾਪਸ ਆਈ ਤਾਂ ਉਸ ਦੀ ਨਾਬਾਲਿਗ ਧੀ ਉਥੇ ਮੌਜੂਦ ਸੀ | ਕੁਝ ਸਮੇਂ ਬਾਅਦ ਉਸ ਦੀ ਧੀ ਨੇ ਕਿਹਾ ਕਿ ਉਹ ਨਹਾਉਣ ਲਈ ਜਾ ਰਹੀ ਹੈ ਤੇ ਘਰ ਦੀ ਹੇਠਲੀ ਮੰਜ਼ਿਲ 'ਤੇ ਚਲੀ ਗਈ ਪਰ ਉਹ ਮੁੜ ਵਾਪਸ ਨਹੀਂ ਆਈ | ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਲੜਕੀ ਦੀ ਕਾਫ਼ੀ ਭਾਲ ਕੀਤੀ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਚੱਲਿਆ | ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |