ਐੱਸ. ਏ. ਐੱਸ. ਨਗਰ, 5 ਜੂਨ (ਪ੍ਰੋ. ਅਵਤਾਰ ਸਿੰਘ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਕੁਰਾਲੀ ਸਥਿਤ ਫਰਮ 'ਦਾ ਵਰਲਡ ਵਾਕ' ਵਲੋਂ ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੰਸ ਲੈਣ ਲਈ ਦਿੱਤੀ ਅਰਜ਼ੀ ਦਾਖ਼ਲ ਦਫ਼ਤਰ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਫਰਮ ਦੀਆਂ ਭਾਈਵਾਲਾਂ ਕੋਮਲਪ੍ਰੀਤ ਕੌਰ ਅਤੇ ਪ੍ਰਵੀਨ ਕੌਰ ਵਲੋਂ ਲਾਇਸੰਸ ਲਈ ਅਰਜ਼ੀ ਦਿੱਤੀ ਗਈ ਸੀ | ਇਸ ਸੰਬੰਧੀ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਤੋਂ ਪੜਤਾਲ ਰਿਪੋਰਟਾਂ ਮੰਗੀਆਂ ਗਈਆਂ ਸਨ ਜਿਸ ਦੇ ਚਲਦਿਆਂ ਐਸ. ਐਸ. ਪੀ. ਮੁਹਾਲੀ ਵਲੋਂ ਦਿੱਤੀ ਗਈ ਰਿਪੋਰਟ 'ਚ ਦਰਸਾਇਆ ਗਿਆ ਸੀ ਕਿ ਉਕਤ ਫਰਮ ਦਾ ਦਫ਼ਤਰ ਬੰਦ ਪਾਇਆ ਗਿਆ ਹੈ | ਇਸ ਸੰਬੰਧ 'ਚ ਫਰਮ ਦੀਆਂ ਭਾਈਵਾਲਾਂ ਨੇ ਵੀ ਪੁਸ਼ਟੀ ਕੀਤੀ ਕਿ ਕਾਰੋਬਾਰ ਸਥਾਈ ਤੌਰ 'ਤੇ ਬੰਦ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਲੋੜੀਂਦੇ ਦਸਤਾਵੇਜ਼ ਤੇ ਸਪੱਸ਼ਟੀਕਰਨ ਵੀ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਨਹੀਂ ਕਰਵਾਏ ਗਏ ਤੇ ਕੁਝ ਪੁਲਿਸ ਰਿਪੋਰਟਾਂ ਵੀ ਪ੍ਰਾਪਤ ਨਹੀਂ ਹੋਈਆਂ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਕਤ ਤੱਥਾਂ ਦੇ ਆਧਾਰ 'ਤੇ ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ 'ਚ ਜੇਕਰ ਉਕਤ ਫਰਮ ਸੰਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮ/ਭਾਈਵਾਲਾਂ ਹੀ ਜ਼ਿੰਮੇਵਾਰ ਹੋਣਗੀਆਂ |