ਐੱਸ. ਏ. ਐੱਸ. ਨਗਰ, 5 ਜੂਨ (ਕਪਿਲ ਵਧਵਾ)-ਮੁਹਾਲੀ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ ਨਾਲ 4 ਕਰੋੜ ਰੁ. ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਮੰਡੀ ਗੋਬਿੰਦਗੜ੍ਹ ਦੀ ਫਰਮ 'ਮੈਸ. ਜੀ. ਡੀ. ਇਸਪਾਤ ਉਦਯੋਗ' ਦੇ ਭਾਈਵਾਲ ਸਮੀਰ ਦੂਆ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲਾਂ ਦੀ ਸਖ਼ਤ ਕੈਦ ਅਤੇ 15 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਸੀ.ਬੀ.ਆਈ. ਅਨੁਸਾਰ ਫਰਮ ਦੇ ਭਾਈਵਾਲਾਂ ਨੇ ਅਪਰਾਧਿਕ ਸਾਜਿਸ਼ ਤਹਿਤ ਇੰਡੀਅਨ ਓਵਰਸੀਜ਼ ਬੈਂਕ ਦੀ ਮੰਡੀ ਗੋਬਿੰਦਗੜ੍ਹ ਸ਼ਾਖਾ ਵਿਚ ਜਾਅਲੀ ਤੇ ਗੁੰਮਰਾਹਕੁਨ ਦਸਤਾਵੇਜ਼ ਜਮ੍ਹਾਂ ਕਰਵਾ ਕੇ 4 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਮਨਜ਼ੂਰ ਕਰਵਾਈ ਸੀ | ਇਸ ਕਾਰਨ ਬੈਂਕ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ | ਜਾਣਕਾਰੀ ਅਨੁਸਾਰ 'ਮੈਸ. ਜੀ. ਡੀ. ਇਸਪਾਤ ਉਦਯੋਗ' ਲੋਹੇ ਤੇ ਇਸਪਾਤ ਉਤਪਾਦਾਂ ਦੇ ਨਿਰਮਾਣ ਅਤੇ ਵਪਾਰ ਨਾਲ ਜੁੜੀ ਇਕ ਫਰਮ ਸੀ | ਇਸ ਮਾਮਲੇ ਦੀ ਸ਼ੁਰੂਆਤ 29 ਜੂਨ 2017 ਨੂੰ ਉਦੋਂ ਹੋਈ ਸੀ, ਜਦੋਂ ਇੰਡੀਅਨ ਓਵਰਸੀਜ਼ ਬੈਂਕ ਦੇ ਲੁਧਿਆਣਾ ਸਥਿਤ ਮੁੱਖ ਖੇਤਰੀ ਪ੍ਰਬੰਧਕ ਨੇ ਸੀ. ਬੀ. ਆਈ. ਨੂੰ ਲਿਖਤੀ ਸ਼ਿਕਾਇਤ ਦੇ ਕੇ ਫਰਮ ਅਤੇ ਇਸ ਦੇ ਭਾਈਵਾਲਾਂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਸਨ | ਸ਼ਿਕਾਇਤ ਦੇ ਆਧਾਰ 'ਤੇ ਸੀ. ਬੀ. ਆਈ. ਨੇ ਸਾਲ 2018 ਵਿਚ ਨਿਯਮਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ | ਜਾਂਚ ਦੌਰਾਨ ਏਜੰਸੀ ਨੇ ਸਮੀਰ ਦੂਆ ਅਤੇ ਉਸ ਦੇ ਪਿਤਾ ਦਲੀਪ ਕੁਮਾਰ ਦੂਆ (ਹੁਣ ਮਿ੍ਤਕ) ਦੇ ਖੰਨਾ ਸਥਿਤ ਫਰੈਂਡਜ਼ ਕਾਲੋਨੀ ਵਾਲੇ ਘਰਾਂ ਅਤੇ ਮੰਡੀ ਗੋਬਿੰਦਗੜ੍ਹ ਸਥਿਤ ਕੰਪਨੀ ਦੇ ਦਫ਼ਤਰਾਂ ਵਿਖੇ ਛਾਪੇਮਾਰੀ ਕੀਤੀ ਸੀ | ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ ਸਨ | ਸੀ. ਬੀ. ਆਈ. ਵਲੋਂ ਜਾਂਚ ਮੁਕੰਮਲ ਕਰਨ ਉਪਰੰਤ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ | ਮਾਮਲੇ ਦੀ ਸੁਣਵਾਈ ਤੋਂ ਬਾਅਦ ਸੀ. ਬੀ. ਆਈ. ਦੇ ਵਿਸ਼ੇਸ਼ ਨਿਆਂਇਕ ਮੈਜਿਸਟ੍ਰੇਟ ਕਰਨਵੀਰ ਸਿੰਘ ਮੱਜੂ ਦੀ ਅਦਾਲਤ ਨੇ ਸਮੀਰ ਦੂਆ ਨੂੰ ਆਈ. ਪੀ. ਸੀ. ਦੀ ਧਾਰਾ 420 ਅਤੇ 120 (ਬੀ) ਤਹਿਤ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ | ਹਾਲਾਂਕਿ ਕੇਸ ਵਿਚ ਨਾਮਜ਼ਦ ਕੁਲਵੰਤ ਸਿੰਘ ਰਾਏ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ |