ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਖਰੜ ਦੀ ਮੀਟਿੰਗ ਬਲਾਕ ਪ੍ਰਧਾਨ ਹਰਚੰਦ ਸਿੰਘ ਗੜਾਗਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾਈ ਆਗੂ ਮੇਹਰ ਸਿੰਘ ਥੇੜ੍ਹੀ ਤੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ 'ਚ ਯੂਰੀਆ ਦੀ ਬਹੁਤ ਘਾਟ ਹੈ ਜਦਕਿ ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਯੂਰੀਆ ਦੇ ਇਕ ਥੈਲੇ ਨਾਲ ਕਈ ਬੇਲੋੜੀਆਂ ਚੀਜ਼ਾਂ ਜਬਰੀ ਦੇ ਰਹੇ ਹਨ ਜਿਸ ਕਾਰਨ ਕਿਸਾਨਾਂ ਦੀ ਲੁੱਟ-ਖਸੁੱਟ ਹੋ ਰਹੀ ਹੈ | ਉਨ੍ਹਾਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦਿੰਦੇ ਹੋਏ ਡੀਲਰਾਂ ਨੂੰ ਅਜਿਹਾ ਕਰਨ ਤੋਂ ਵਰਜਣ | ਇਸ ਦੇ ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਕਿਸਾਨ ਜਦੋਂ ਵੀ ਡੀਲਰ ਤੋਂ ਕੋਈ ਬੀਜ ਜਾਂ ਦਵਾਈ ਖ਼ਰੀਦਦਾ ਹੈ ਤਾਂ ਉਸ ਨੂੰ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ | ਆਗੂਆਂ ਨੇ ਕਿਹਾ ਕਿ ਖਰੜ ਬਲਾਕ ਵਿਚ ਜਮੀਨਾਂ ਦੀ ਸਭ ਤੋਂ ਜ਼ਿਆਦਾ ਖ਼ਰੀਦੋ-ਫ਼ਰੋਖ਼ਤ ਹੁੰਦੀ ਹੈ ਤੇ ਰਜਿਸਟਰੀਆਂ ਮੌਕੇ ਐੱਸ. ਡੀ. ਐੱਮ. ਦਫ਼ਤਰ ਵਿਚ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਹੈ ਜਿਸ ਕਾਰਨ ਲੋਕਾਂ ਖਾਸ ਕਰਕੇ ਬਜ਼ੁਰਗਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਰਜਿਸਟਰੀਆਂ ਦੇ ਕੰਮ ਨੂੰ ਮੁੜ ਤਹਿਸੀਲ ਦਫ਼ਤਰ ਵਾਲੀ ਇਮਾਰਤ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਇਸ ਸਮੇਂ ਇਹ ਇਮਾਰਤ ਖਾਲੀ ਪਈ ਹੈ | ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਜ਼ਮੀਨਾਂ ਦੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਸਰਲ ਬਣਾਈ ਜਾਵੇ | ਇਸ ਮੌਕੇ ਸਾਹਿਬਪ੍ਰੀਤ ਸਿੰਘ ਪੋਪਨਾ, ਗੁਰਮੀਤ ਸਿੰਘ ਟੋਨੀ, ਮਹਿੰਦਰ ਸਿੰਘ ਗੜਾਗਾਂ, ਮਨਦੀਪ ਸਿੰਘ ਸਕਰੂਲਾਂਪੁਰ, ਰਮਨਦੀਪ ਸਿੰਘ ਟੋਡਰਮਾਜਰਾ, ਚੇਤਨ ਸਿੰਘ ਟੋਡਰਮਾਜਰਾ, ਦੀਦਾਰ ਸਿੰਘ ਰੋੜਾ, ਜਾਗਰ ਸਿੰਘ ਧੜਾਕ, ਕੁਲਦੀਪ ਸਿੰਘ ਗੱਬੇਮਾਜਰਾ, ਗੁਰਜੰਟ ਸਿੰਘ ਪੋਪਨਾ, ਅਮਰੀਕ ਸਿੰਘ ਪੋਪਨਾ, ਜਸਵਿੰਦਰ ਸਿੰਘ ਨਿਆਮੀਆਂ, ਕਰਨੈਲ ਸਿੰਘ ਚੋਲਟਾ, ਪਰਮਿੰਦਰ ਸਿੰਘ ਗੜਾਗਾਂ, ਜਸਮਿੰਦਰ ਸਿੰਘ ਪੱਕੀ ਰੁੜਕੀ, ਸੁਦਾਗਰ ਸਿੰਘ ਰੰਗੀਆਂ ਤੇ ਅਮਨਪ੍ਰੀਤ ਸਿੰਘ ਬਾਸੀਆਂ ਆਦਿ ਹਾਜ਼ਰ ਸਨ |