ਜ਼ੀਰਕਪੁਰ, 5 ਜੂਨ (ਮਨਿੰਦਰ ਸਿੰਘ)-ਐਰੋਸਿਟੀ ਬਲਾਕ-ਐਚ ਦੀਆਂ ਲਾਈਟਾਂ ਦੇ ਨੇੜੇ ਟਰੱਕ ਅਤੇ ਟਿੱਪਰ ਵਿਚਕਾਰ ਹੋਈ ਟੱਕਰ ਦੌਰਾਨ ਤਿੰਨ ਵਿਅਕਤੀ ਜ਼ਖਮੀ ਹੋ ਗਏ | ਜ਼ੀਰਕਪੁਰ ਪੁਲਿਸ ਨੇ ਜ਼ਖਮੀ ਟਰੱਕ ਚਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਮੁਹੰਮਦ ਹੁਸੈਨ ਵਾਸੀ ਪਿੰਡ ਖੋਖਰ ਲੁਧਿਆਣਾ ਨੇ ਦੱਸਿਆ ਕਿ ਉਹ 1 ਜੂਨ ਦੀ ਰਾਤ ਆਪਣੇ ਟਰੱਕ 'ਚ ਲੱਕੜੀ ਲੋਡ ਕਰਕੇ ਜਗਾਧਰੀ ਜਾ ਰਿਹਾ ਸੀ | ਉਸ ਦੇ ਨਾਲ ਉਸ ਦਾ ਪੁੱਤਰ ਅਖਤਰ ਅਲੀ ਅਤੇ ਲੱਕੜੀ ਦਾ ਮਾਲਕ ਮਨਪ੍ਰੀਤ ਸਿੰਘ ਵੀ ਟਰੱਕ 'ਚ ਮੌਜੂਦ ਸਨ | ਸ਼ਿਕਾਇਤਕਰਤਾ ਦੇ ਅਨੁਸਾਰ ਤੜਕੇ ਕਰੀਬ 2.30 ਵਜੇ ਜਦੋਂ ਉਹ ਐਰੋਸਿਟੀ ਬਲਾਕ-ਐਚ ਦੀਆਂ ਲਾਈਟਾਂ ਕੋਲ ਪਹੁੰਚੇ ਤਾਂ ਉਸ ਦੇ ਅੱਗੇ ਜਾ ਰਹੇ ਰੇਤ ਨਾਲ ਭਰੇ ਟਿੱਪਰ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ | ਇਸ ਕਾਰਨ ਉਸ ਦਾ ਟਰੱਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ | ਹਾਦਸੇ 'ਚ ਉਹ ਤਿੰਨੋਂ ਜਣੇ ਜ਼ਖਮੀ ਹੋ ਗਏ ਅਤੇ ਟਰੱਕ ਨੂੰ ਕਾਫੀ ਨੁਕਸਾਨ ਪੁੱਜਿਆ | ਉਸ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਹੋਣ ਕਾਰਨ ਉਹ ਟਿੱਪਰ ਦਾ ਨੰਬਰ ਵੀ ਨੋਟ ਨਹੀਂ ਕਰ ਸਕੇ | ਰਾਹਗੀਰਾਂ ਨੇ ਉਨ੍ਹਾਂ ਨੂੰ ਟਰੱਕ 'ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |