ਐੱਸ. ਏ. ਐੱਸ. ਨਗਰ, 5 ਜੂਨ (ਪ੍ਰੋ. ਅਵਤਾਰ ਸਿੰਘ)- 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਮੁਹਾਲੀ ਦੇ ਵਾ. ਨੰ. 6 'ਚ ਹਰਿਆਵਲ ਨੂੰ ਉਤਸ਼ਾਹਿਤ ਕਰਨ ਤੇ ਵਾਤਾਵਰਨ ਦੀ ਸਾਂਭ-ਸੰਭਾਲ ਦਾ ਸੰਦੇਸ਼ ਦੇਣ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਸਥਾਨਕ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਇਲਾਕਾ ਵਾਸੀਆਂ, ਸਮਾਜ ਸੇਵੀਆਂ, ਆਰ. ਡਬਲਿਊ. ਏ. ਨੁਮਾਇੰਦਿਆਂ, ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਵਲੋਂ ਵੱਖ-ਵੱਖ ਕਿਸਮ ਦੇ ਛਾਂਦਾਰ, ਫ਼ਲਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਗਏ | ਇਸ ਮੌਕੇ ਡਾ. ਆਹਲੂਵਾਲੀਆ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਦਰੱਖ਼ਤ ਸਾਨੂੰ ਆਕਸੀਜਨ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ, ਭੂਮੀ ਹੇਠਲੇ ਪਾਣੀ ਦੇ ਪੱਧਰ ਅਤੇ ਵਾਤਾਵਰਨ 'ਚ ਸੰਤੁਲਨ ਕਾਇਮ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹਰਿਆਵਲ ਨੂੰ ਵਧਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਵਾ. ਨੰ. 6 'ਚ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਮੁਹਿੰਮ ਵਿੱਢੀ ਗਈ ਹੈ | ਇਸ ਮੌਕੇ ਸਮੂਹ ਵਾਰਡ ਵਾਸੀਆਂ ਵਲੋਂ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦਾ ਪ੍ਰਣ ਲਿਆ ਗਿਆ ਅਤੇ ਨਾਲ ਹੀ ਹਰ ਪਰਿਵਾਰ ਵਲੋਂ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸਾਂਭ-ਸੰਭਾਲ ਕਰਨ ਦਾ ਸੰਕਲਪ ਲਿਆ ਗਿਆ | ਅੰਤ 'ਚ ਡਾ. ਆਹਲੂਵਾਲੀਆ ਨੇ ਇਸ ਮੁਹਿੰਮ 'ਚ ਸ਼ਾਮਿਲ ਹੋਏ ਸਮੁੱਚੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ |