ਐੱਸ. ਏ. ਐੱਸ. ਨਗਰ, 7 ਜੂਨ (ਪ੍ਰੋ. ਅਵਤਾਰ ਸਿੰਘ)- ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਖੇਤਰੀ ਦਫ਼ਤਰ ਮੁਹਾਲੀ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਹਿਯੋਗ ਨਾਲ ਏ. ਟੀ. ਐਸ. ਕਾਸਾ ਐਸਪਾਨਾ ਮੁਹਾਲੀ ਵਿਖੇ ਮੋਬਾਈਲ ਮਿਲਕ ਵੈਂਡਿੰਗ ਵੈਨ ਦੀ ਸ਼ੁਰੂਆਤ ਕੀਤੀ | ਇਸ ਪਹਿਲ ਦਾ ਮਕਸਦ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੁੱਧ ਪਾਊਚਾਂ ਕਾਰਨ ਪੈਦਾ ਹੋਣ ਵਾਲੇ ਪਲਾਸਟਿਕ ਕੂੜੇ ਨੂੰ ਘਟਾਉਣਾ ਅਤੇ ਟਿਕਾਊ ਖਪਤ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ | ਇਹ ਪਹਿਲ ਪੀ. ਪੀ. ਸੀ. ਬੀ. ਵਲੋਂ ਸਿੰਗਲ ਯੂਜ਼ ਪਲਾਸਟਿਕ (ਐਸ. ਯੂ. ਪੀ.) ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਲੋਕਾਂ ਨੂੰ ਅਜਿਹੀਆਂ ਸਧਾਰਨ ਜੀਵਨ ਸ਼ੈਲੀ ਤਬਦੀਲੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਸਰੋਤ ਪੱਧਰ 'ਤੇ ਪਲਾਸਟਿਕ ਕੂੜੇ ਨੂੰ ਘਟਾਉਣ 'ਚ ਮਹੱਤਵਪੂਰਨ ਯੋਗਦਾਨ ਪਾ ਸਕਣ | ਇਸ ਸੰਬੰਧੀ ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁੱਧ ਹਰ ਘਰ ਵਿਚ ਰੋਜ਼ਾਨਾ ਵਰਤੋਂ ਵਾਲੀ ਵਸਤੂ ਹੋਣ ਕਰਕੇ ਇਸ ਦੀ ਪੈਕਿੰਗ 'ਚ ਪਲਾਸਟਿਕ ਦੀ ਵਰਤੋਂ ਘਟਾਉਣ ਨਾਲ ਸ਼ਹਿਰ ਅਤੇ ਸੂਬਾ ਪੱਧਰ 'ਤੇ ਵਾਤਾਵਰਨ ਲਈ ਵੱਡੇ ਲਾਭ ਹੋ ਸਕਦੇ ਹਨ | ਇਸ ਮੁਹਿੰਮ ਤਹਿਤ 'ਦੁੱਧ ਉਹੀ, ਪਲਾਸਟਿਕ ਨਹੀਂ' ਦੇ ਸੰਦੇਸ਼ ਨਾਲ ਨਿਵਾਸੀ ਮੋਬਾਈਲ ਵੈਂਡਿੰਗ ਵੈਨ ਰਾਹੀਂ ਤਾਜ਼ਾ ਵੇਰਕਾ ਦੁੱਧ 64 ਰੁ. ਪ੍ਰਤੀ ਲੀਟਰ ਦੀ ਰਿਆਇਤੀ ਦਰ 'ਤੇ ਖਰੀਦ ਸਕਣਗੇ ਜਦਕਿ ਰਵਾਇਤੀ ਪਲਾਸਟਿਕ ਪਾਊਚ 'ਚ ਇਹੀ ਦੁੱਧ 66 ਰੁ. ਪ੍ਰਤੀ ਲੀਟਰ ਮਿਲਦਾ ਹੈ | ਘੱਟ ਕੀਮਤ 'ਤੇ ਦੁੱਧ ਉਪਲੱਬਧ ਕਰਵਾ ਕੇ ਲੋਕਾਂ ਨੂੰ ਆਪਣੇ ਮੁੜ ਵਰਤੇ ਜਾ ਸਕਣ ਵਾਲੇ ਬਰਤਨ, ਬੋਤਲਾਂ ਜਾਂ ਡੱਬੇ ਨਾਲ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਇਕ ਸਮੇਂ ਆਮ ਰਹੀ ਟਿਕਾਊ ਪ੍ਰਥਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਲਗਭਗ 300 ਲੀਟਰ ਸਮਰੱਥਾ ਵਾਲੀ ਵੈਂਡਿੰਗ ਮਸ਼ੀਨ ਨੂੰ ਹਰ ਰੋਜ਼ ਏ. ਟੀ. ਐਸ. ਕਾਸਾ ਐਸਪਾਨਾ ਵਿਖੇ ਤਾਇਨਾਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਸ ਮਾਡਲ ਨੂੰ ਕਈ ਰਿਹਾਇਸ਼ੀ ਸੁਸਾਇਟੀਆਂ ਵਿਚ ਲਾਗੂ ਕੀਤਾ ਜਾਵੇ ਤਾਂ ਪਲਾਸਟਿਕ ਕੂੜੇ ਦੇ ਇਕੱਠ, ਪ੍ਰੋਸੈਸਿੰਗ ਤੇ ਨਿਪਟਾਰੇ ਦੀ ਲੋੜ ਵਿਚ ਵੱਡੀ ਕਮੀ ਲਿਆਂਦੀ ਜਾ ਸਕਦੀ ਹੈ | ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇਹ ਪਾਇਲਟ ਪ੍ਰੋਜੈਕਟ ਸਫ਼ਲ ਰਹਿੰਦਾ ਹੈ ਤਾਂ ਪੀ. ਪੀ. ਸੀ. ਬੀ. ਵੇਰਕਾ ਨਾਲ ਮਿਲ ਕੇ ਇਸ ਪਹਿਲ ਨੂੰ ਮੁਹਾਲੀ ਦੀਆਂ ਹੋਰ ਰਿਹਾਇਸ਼ੀ ਸੁਸਾਇਟੀਆਂ ਤੇ ਬਾਅਦ ਵਿਚ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਸਥਾਰ ਦੇਣ ਲਈ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਜੋ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਤੇ ਹਾਊਸਿੰਗ ਸੁਸਾਇਟੀਆਂ ਆਪਣੇ ਇਲਾਕਿਆਂ 'ਚ ਅਜਿਹੀ ਦੁੱਧ ਵੈਂਡਿੰਗ ਸਹੂਲਤ ਸਥਾਪਿਤ ਕਰਵਾਉਣ 'ਚ ਦਿਲਚਸਪੀ ਰੱਖਦੀਆਂ ਹਨ, ਉਹ ਹੋਰ ਜਾਣਕਾਰੀ ਅਤੇ ਸਹਿਯੋਗ ਲਈ ਪੀ. ਪੀ. ਸੀ. ਬੀ. ਨਾਲ ਸੰਪਰਕ ਕਰ ਸਕਦੀਆਂ ਹਨ |