16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਧਾਨ ਸਭਾ ਦੀ ਸਿਆਸੀ ਜੰਗ ਲਈ ਕਾਂਗਰਸ ਨੇ ਕੱਸੀ ਕਮਰ <br/>

Ad Position 21
No active advertisement
ਅਜੀਤ ਡੈਸਕ 10-06-2026
ਡੇਰਾਬੱਸੀ, 9 ਜੂਨ (ਰਣਬੀਰ ਸਿੰਘ ਪੜ੍ਹੀ)-ਨਗਰ ਕੌਂਸਲ ਚੋਣਾਂ ਦੀ ਸਮਾਪਤੀ ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਨੇ ਆਪਣੀਆਂ ਅਗਲੀਆਂ ਸਿਆਸੀ ਸਫ਼ਬੰਦੀਆਂ ਤੇਜ਼ ਕਰ ਦਿੱਤੀਆਂ ਹਨ | ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵੱਡੇ ਟੀਚੇ ਨੂੰ ਮੁੱਖ ਰੱਖਦਿਆਂ ਡੇਰਾਬੱਸੀ ਵਿਖੇ ਕਾਂਗਰਸ ਤੋਂ ਚੋਣ ਲੜ ਚੁੱਕੇ ਉਮੀਦਵਾਰਾਂ ਅਤੇ ਸੀਨੀਅਰ ਵਰਕਰਾਂ ਦੀ ਇਕ ਅਹਿਮ ਤੇ ਪ੍ਰਭਾਵਸ਼ਾਲੀ ਮੀਟਿੰਗ ਹੋਈ | ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਸਾਂਝੀ ਅਗਵਾਈ ਹੇਠ ਹੋਈ | ਇਸ ਮੀਟਿੰਗ ਦੌਰਾਨ ਜਿਥੇ ਚੋਣ ਮੈਦਾਨ 'ਚ ਡੱਟਣ ਵਾਲੇ ਯੋਧਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਹੀ ਭਵਿੱਖ ਦੀ ਰਣਨੀਤੀ ਦਾ ਮਜ਼ਬੂਤ ਖਾਕਾ ਵੀ ਉਲੇਖਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਸੱਤਾਧਾਰੀ 'ਆਪ' ਸਰਕਾਰ 'ਤੇ ਸਿਆਸੀ ਬਦਲਾਖੋਰੀ ਅਤੇ ਸਰਕਾਰੀ ਮਸ਼ੀਨਰੀ ਦੀ ਅੰਨੇਵਾਹ ਦੁਰਵਰਤੋਂ ਦੇ ਗੰਭੀਰ ਦੋਸ਼ ਲਗਾਏ | ਉਨਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਮਜ਼ਬੂਤ ਅਤੇ ਜਿੱਤ ਦੀ ਪੱਕੀ ਸਥਿਤੀ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚੋਂ ਬਾਹਰ ਕਰਨ ਲਈ ਇਕ ਸੋਚੀ-ਸਮਝੀ ਸਾਜ਼ਿਸ਼ ਰਚੀ ਗਈ ਸੀ, ਜਿਸ ਤਹਿਤ ਪੂਰੇ ਹਲਕੇ ਦੇ 12 ਵਾਰਡਾਂ 'ਚ ਪਾਰਟੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ | ਇਸ ਦੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਇਕੱਲੇ ਲਾਲੜੂ ਖੇਤਰ 'ਚ ਹੀ ਪੰਜ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਕੇ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ, ਜਦਕਿ ਦੂਜੀਆਂ ਪਾਰਟੀਆਂ ਪ੍ਰਤੀ ਪ੍ਰਸ਼ਾਸਨ ਦਾ ਰੁਖ਼ ਬੇਹੱਦ ਨਰਮ ਰਿਹਾ | ਢਿੱਲੋਂ ਨੇ ਬੜੀ ਬੇਬਾਕੀ ਨਾਲ ਇਹ ਵੀ ਸਵੀਕਾਰ ਕੀਤਾ ਕਿ ਚੋਣਾਂ 'ਚ ਹੋਈਆਂ ਕੁਝ ਸੰਗਠਨਾਤਮਕ ਕਮੀਆਂ ਅਤੇ ਉਮੀਦਵਾਰਾਂ ਦੀ ਚੋਣ 'ਚ ਰਹੀਆਂ ਖਾਮੀਆਂ ਵੀ ਪਾਰਟੀ ਦੀ ਹਾਰ ਦਾ ਕਾਰਨ ਬਣੀਆਂ, ਪਰ ਇਹ ਹਾਰ ਕਾਂਗਰਸ ਦਾ ਹੌਸਲਾ ਨਹੀਂ ਤੋੜ ਸਕਦੀ, ਬਲਕਿ ਇਹ 2027 ਦੀ ਵੱਡੀ ਜਿੱਤ ਦੀ ਤਿਆਰੀ ਦਾ ਮੁੱਢ ਹੈ | ਸੱਤਾਧਾਰੀ ਧਿਰ 'ਤੇ ਹਮਲਾ ਜਾਰੀ ਰੱਖਦਿਆਂ ਉਨਾਂ ਕਿਹਾ ਕਿ ਵਾਰਡਬੰਦੀ ਆਪਣੇ ਮੁਤਾਬਿਕ ਕਰਵਾਉਣ ਅਤੇ ਪੁਲਿਸ-ਪ੍ਰਸ਼ਾਸਨ ਦਾ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਥਿਤੀ ਉਨੀ ਮਜ਼ਬੂਤ ਨਹੀਂ ਹੈ, ਜਿੰਨੀ ਕਿ ਦਿਖਾਈ ਜਾ ਰਹੀ ਹੈ ਕਿਉਂਕਿ ਜਨਤਾ ਨੇ ਉਨ•ਾਂ ਨੂੰ ਹਰ ਥਾਂ ਪੂਰਨ ਬਹੁਮਤ ਨਹੀਂ ਦਿੱਤਾ | ਇਸ ਸਥਿਤੀ ਨੂੰ ਦੇਖਦਿਆਂ ਉਨਾਂ ਸਮੂਹ ਹਾਰੇ ਅਤੇ ਜਿੱਤੇ ਹੋਏ ਉਮੀਦਵਾਰਾਂ ਨੂੰ ਤੁਰੰਤ ਅਗਲੇ ਮਿਸ਼ਨ 'ਤੇ ਲੱਗਣ ਦਾ ਸੱਦਾ ਦਿੱਤਾ | ਉਨਾਂ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਰੇ ਆਗੂ ਨਤੀਜਿਆਂ ਨੂੰ ਪਿੱਛੇ ਛੱਡ ਕੇ ਆਪੋ-ਆਪਣੇ ਵਾਰਡਾਂ ਦੇ ਲੋਕਾਂ ਨਾਲ ਨਿਰੰਤਰ ਰਾਬਤਾ ਕਾਇਮ ਕਰਨ, ਸਥਾਨਕ ਪੱਧਰ 'ਤੇ ਜਨਤਕ ਮੁੱਦਿਆਂ ਅਤੇ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਅੱਗੇ ਜ਼ੋਰ-ਸ਼ੋਰ ਨਾਲ ਚੁੱਕਣ ਅਤੇ ਸੱਤਾਧਾਰੀ ਧਿਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਕੇ ਇਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਤਾਂ ਜੋ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਹੋਰ ਮਜ਼ਬੂਤੀ ਮਿਲ ਸਕੇ | ਇਸ ਮੌਕੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦਾ ਅਹਿਦ ਲੈਣ ਵਾਲਿਆਂ 'ਚ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਟਿਵਾਣਾ, ਜ਼ਿਲਾ ਮੀਤ ਪ੍ਰਧਾਨ ਬਲਿਹਾਰ ਸਿੰਘ ਬੱਲੀ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਚਮਨ ਸੈਣੀ, ਕੌਂਸਲਰ ਬੰਟੀ ਰਾਣਾ, ਜਸਪ੍ਰੀਤ ਸਿੰਘ ਲੱਕੀ, ਅੰਕਿਤ ਜੈਨ, ਕੌਂਸਲਰ ਮਨੀਸ਼ ਸੈਣੀ, ਸੁਨੀਲ ਰਾਣਾ ਅਤੇ ਇੰਦਰਜੀਤ ਸਿੰਘ ਕੰਬੋਜ ਸਮੇਤ ਕਾਂਗਰਸੀ ਵਰਕਰ ਤੇ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਡਿਆਲਾ ਦੇ ਵਸਨੀਕ ਪ੍ਰਾਈਵੇਟ ਟੈਕਰਾਂ ਰਾਹੀਂ ਪਾਣੀ ਮੰਗਵਾਉਣ ਲਈ ਮਜਬੂਰ <br/> ਅਗਲੀ ਖ਼ਬਰ ਹਰਿਆਣਾ ਪਹਿਲੀ ਵਾਰ ਕਰੇਗਾ ਸੀ.ਪੀ.ਏ. ਉੱਤਰੀ ਭਾਰਤ ਖੇਤਰ ਜ਼ੋਨ-2 ਕਾਨਫ਼ਰੰਸ ਦੀ ਮੇਜ਼ਬਾਨੀ <br/>
Ad Position 24