ਚੰਡੀਗੜ੍ਹ, 12 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਝੱਖੜ (ਤੇਜ਼ ਹਵਾਵਾਂ) ਚੱਲਣ, ਮੀਂਹ ਅਤੇ ਗੜੇ ਪੈਣ ਕਾਰਨ ਦਿਨ ਦੇ ਤਾਪਮਾਨ ਵਿਚ ਵੱਡੀ ਕਮੀ ਆਈ ਹੈ | ਗਰਮੀ ਦੇ ਸਿਖਰਲੇ ਜੂਨ ਮਹੀਨੇ ਦੌਰਾਨ ਤਾਪਮਾਨ ਦਾ ਪਾਰਾ 6.3 ਡਿਗਰੀ ਸੈਲਸੀਅਸ ਥੱਲੇ ਚਲਾ ਗਿਆ ਹੈ ਅਤੇ ਸ਼ੁੱਕਰਵਾਰ ਦਿਨ ਦਾ ਤਾਪਮਾਨ ਸੂਬਾ ਭਰ 'ਚ 31 ਤੋਂ 37 ਡਿਗਰੀ ਦੇ ਵਿਚਕਾਰ ਹੀ ਰਿਹਾ | ਬੀਤੇ ਦੋ ਦਿਨਾਂ ਦੌਰਾਨ ਜਿੱਥੇ ਸਮੁੱਚੇ ਪੰਜਾਬ ਵਿਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਉੱਥੇ ਹੀ ਅੰਮਿ੍ਤਸਰ ਅਤੇ ਲੁਧਿਆਣਾ ਜ਼ਿਲਿ੍ਹਆਂ ਵਿਚ ਗੜ੍ਹੇ ਵੀ ਬਰਸੇ | ਕੱਲ੍ਹ ਦੇ ਬਾਰੇ ਅਨੁਮਾਨ ਹੈ ਕਿ ਸੂਬੇ ਦੇ ਮਾਲਵਾ ਤੇ ਦੁਆਬਾ ਖੇਤਰ ਵਿਚ ਤੇਜ਼ ਹਵਾਵਾਂ ਚੱਲਣ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਤੇ ਝੱਖੜ ਝੂਲਿਆ | ਸੂਬੇ ਦੇ ਚਾਰ ਜ਼ਿਲਿ੍ਹਆਂ ਅੰਮਿ੍ਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਭਾਰੀ ਮੀਂਹ ਪਿਆ | ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਸਭ ਤੋਂ ਵੱਧ 55.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਮੀਂਹ ਤੋਂ ਵਾਂਝਾ ਰਿਹਾ | ਇਸੇ ਤਰ੍ਹਾਂ ਗੁਰਦਾਸਪੁਰ ਵਿਚ 25.6 ਮਿਲੀਮੀਟਰ, ਅੰਮਿ੍ਤਸਰ 'ਚ 13.2, ਤਰਨਤਾਰਨ 'ਚ 13.1, ਜਲੰਧਰ 'ਚ 17.5, ਕਪੂਰਥਲਾ 'ਚ 10.3, ਰੂਪਨਗਰ 'ਚ 10.6, ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 11.5, ਮੁਕਤਸਰ 'ਚ 6 ਮਿਲੀਮੀਟਰ, ਪਠਾਨਕੋਟ 'ਚ 2.4, ਬਠਿੰਡਾ 'ਚ 13.3, ਬਰਨਾਲਾ 'ਚ 2.4, ਸੰਗਰੂਰ 'ਚ 6.6, ਪਟਿਆਲਾ 'ਚ 6.4, ਮਾਨਸਾ 'ਚ 8.4, ਲੁਧਿਆਣਾ 'ਚ 5.4, ਮੋਗਾ 'ਚ 2.2, ਫ਼ਿਰੋਜਪੁਰ 'ਚ 1 ਮਿਲੀਮੀਟਰ, ਫ਼ਰੀਦਕੋਟ 'ਚ 1.8 ਅਤੇ ਫ਼ਾਜ਼ਿਲਕਾ ਵਿਚ 0.3 ਮਿਲੀਮੀਟਰ ਮੀਂਹ ਵਰਿ੍ਹਆ | ਮੀਂਹ ਅਤੇ ਗੜੇ ਪੈਣ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ, ਜਦੋਂ ਕਿ ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਅੰਮਿ੍ਤਸਰ ਤੇ ਲੁਧਿਆਣਾ ਵਿਚ 32.8 ਡਿਗਰੀ ਸੈਲਸੀਅਸ, ਪਟਿਆਲਾ 'ਚ 32.7 ਡਿਗਰੀ, ਐਸ.ਬੀ.ਐਸ ਨਗਰ 'ਚ 30.8 ਡਿਗਰੀ, ਬਠਿੰਡਾ 'ਚ 33.6 ਡਿਗਰੀ, ਫ਼ਾਜ਼ਿਲਕਾ 'ਚ 34.7 ਡਿਗਰੀ, ਫ਼ਿਰੋਜਪੁਰ 'ਚ 34.4 ਡਿਗਰੀ, ਹੁਸ਼ਿਆਰਪੁਰ 'ਚ 32.1 ਡਿਗਰੀ, ਐਸ.ਏ.ਐਸ ਨਗਰ 'ਚ 32.9 ਡਿਗਰੀ, ਪਠਾਨਕੋਟ 'ਚ 34.4 ਡਿਗਰੀ ਅਤੇ ਰੂਪਨਗਰ ਵਿਚ 33.8 ਡਿਗਰੀ ਸੈਲਸੀਅਸ ਰਿਹਾ | ਵਿਭਾਗ ਦਾ ਕਹਿਣਾ ਹੈ ਕਿ 13 ਜੂਨ ਨੂੰ ਪੰਜਾਬ ਦੇ ਮੁਕਤਸਰ, ਬਠਿੰਡਾ, ਮਾਨਸਾ, ਹੁਸ਼ਿਆਰਪੁਰ, ਐਸ.ਬੀ.ਐਸ ਨਗਰ, ਰੂਪਨਗਰ, ਐਸ.ਏ.ਐਸ ਨਗਰ ਅਤੇ ਪਠਾਨਕੋਟ ਵਿਚ ਤੇਜ਼ ਹਵਾ ਚੱਲਣ ਦੇ ਨਾਲ ਨਾਲ ਹਲਕਾ ਮੀਂਹ ਪੈ ਸਕਦਾ ਹੈ |