ਐੱਸ. ਏ. ਐੱਸ. ਨਗਰ, 12 ਜੂਨ (ਪ੍ਰੋ. ਅਵਤਾਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤਹਿਤ ਕਾਰਵਾਈ ਕਰਦਿਆਂ 'ਈਵੋਲਵ ਵਿਦ ਅਰਸ਼ਦੀਪ ਕੌਰ' ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ 'ਈਵੋਲਵ ਵਿਦ ਅਰਸ਼ਦੀਪ ਕੌਰ' (ਸ਼ੋਅਰੂਮ. ਨੰ. 10 ਬੀ 1871 ਦੂਜੀ ਮੰਜ਼ਿਲ ਪਿੰਡ ਦੇਸੂਮਾਜਰਾ ਜ਼ਿਲ੍ਹਾ ਮੁਹਾਲੀ) ਦੀ ਮਾਲਕ ਅਰਸ਼ਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਨੂੰ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 25 ਦਸੰਬਰ 2028 ਤੱਕ ਹੈ | ਉਨ੍ਹਾਂ ਦੱਸਿਆ ਕਿ ਉਕਤ ਫਰਮ ਦੀ ਮਾਲਕ ਅਰਸ਼ਦੀਪ ਕੌਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਦੱਸਿਆ ਗਿਆ ਸੀ ਕਿ ਨਵੰਬਰ 2024 ਤੋਂ ਹੁਣ ਤੱਕ ਸੰਸਥਾ 'ਚ ਕੋਈ ਵੀ ਵਿਦਿਆਰਥੀ ਦਾਖ਼ਲ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ, ਲਿਹਾਜ਼ਾ ਫਰਮ ਦਾ ਲਾਇਸੰਸ ਰੱਦ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਦਰਖਾਸਤ 'ਚ ਅਰਸ਼ਦੀਪ ਕੌਰ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਸ਼ਿਕਾਇਤ ਜਾਂ ਮਾਮਲਾ ਦਰਜ ਨਹੀਂ ਹੈ ਤੇ ਕਿਸੇ ਵੀ ਕਲਾਇੰਟ ਦੀ ਕੋਈ ਬਕਾਇਆ ਰਕਮ ਨਹੀਂ ਬਣਦੀ | ਜੇਕਰ ਭਵਿੱਖ 'ਚ ਕਿਸੇ ਕਿਸਮ ਦੀ ਕੋਈ ਦੇਣਦਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਉਸ ਦੀ ਹੋਵੇਗੀ | ਏ. ਡੀ. ਸੀ. ਨੇ ਦੱਸਿਆ ਕਿ ਫਰਮ ਸੰਬੰਧੀ ਪ੍ਰਾਪਤ ਰਿਪੋਰਟਾਂ ਅਤੇ ਦਰਖਾਸਤ ਦੇ ਆਧਾਰ 'ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਦੇ ਉਪਬੰਧਾਂ ਤਹਿਤ ਕਰਵਾਈ ਕਰਦਿਆਂ ਫਰਮ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ |