ਐੱਸ. ਏ. ਐੱਸ. ਨਗਰ, 14 ਜੂਨ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਅੱਜ ਸੀ. ਆਰ. ਐਮ. (ਕਰਾਪ ਰੈਜ਼ੀਡਿਊ ਮੈਨੇਜਮੈਂਟ) ਅਤੇ ਸਮੈਮ ਸਕੀਮਾਂ ਅਧੀਨ ਖੇਤੀ ਮਸ਼ੀਨਰੀ ਦੀ ਖ਼ਰੀਦ ਲਈ ਸਬਸਿਡੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਗਰੁੱਪਾਂ ਦੀ ਚੋਣ ਲਈ ਡਰਾਅ ਕੱਢਿਆ ਗਿਆ | ਮੀਟਿੰਗ ਦੌਰਾਨ ਡਾ. ਗੁਰਮੀਤ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਮੁਹਾਲੀ ਨੇ ਹਾਜ਼ਰ ਅਧਿਕਾਰੀਆਂ ਅਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਖੇਤੀ ਮਸ਼ੀਨਰੀ ਦੀ ਸਬਸਿਡੀ ਤੇ ਖ਼ਰੀਦ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ, ਜਦਕਿ ਸਕੀਮ ਦੇ ਨੋਡਲ ਅਫ਼ਸਰ ਡਾ. ਗੁਰਦਿਆਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਾਲ 2025 ਦੌਰਾਨ ਸੀ. ਆਰ. ਐਮ. ਸਕੀਮ ਅਧੀਨ ਵੱਖ-ਵੱਖ ਮਸ਼ੀਨਾਂ ਦੀ ਖ਼ਰੀਦ ਲਈ 6.34 ਕਰੋੜ ਰੁ. ਦੀ ਸਬਸਿਡੀ ਜਾਰੀ ਕੀਤੀ ਗਈ ਸੀ ਜਦਕਿ ਇਸ ਸਾਲ ਪੰਜਾਬ ਸਰਕਾਰ ਵਲੋਂ ਇਸ ਰਕਮ 'ਚ ਵਾਧਾ ਕਰਦਿਆਂ ਲਗਭਗ 8.50 ਕਰੋੜ ਰੁ. ਦੀ ਸਬਸਿਡੀ ਲਈ ਫ਼ੰਡ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸੀ. ਆਰ. ਐਮ. ਸਕੀਮ ਅਧੀਨ ਜ਼ਿਲ੍ਹੇ ਦੇ 294 ਵਿਅਕਤੀਗਤ ਕਿਸਾਨਾਂ ਵਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ | ਉਨ੍ਹਾਂ ਕਿਹਾ ਕਿ 4.05 ਕਰੋੜ ਰੁ. ਦੀ ਸਬਸਿਡੀ ਤਹਿਤ ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਵਾਲੇ ਸਾਰੇ ਯੋਗ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ | ਇਸੇ ਤਰ੍ਹਾਂ ਸਮੈਮ ਸਕੀਮ ਅਧੀਨ 38 ਵਿਅਕਤੀਗਤ ਕਿਸਾਨਾਂ ਵਲੋਂ ਖੇਤੀ ਮਸ਼ੀਨਰੀ ਦੀ ਖ਼ਰੀਦ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ 48.38 ਲੱਖ ਰੁ. ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਖੇਤੀਬਾੜੀ ਇੰਜ. ਜੁਝਾਰ ਸਿੰਘ ਨੇ ਸੀ. ਆਰ. ਐਮ. ਤੇ ਸਮੈਮ ਸਕੀਮਾਂ ਅਧੀਨ ਗਰੁੱਪਾਂ ਨੂੰ ਸਬਸਿਡੀ ਜਾਰੀ ਕਰਨ ਲਈ ਕੱਢੇ ਗਏ ਡਰਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਆਰ. ਐਮ. ਸਕੀਮ ਅਧੀਨ ਕਸਟਮ ਹਾਇਰਿੰਗ ਸੈਂਟਰ (ਐੱਸ. ਸੀ. ਸ਼੍ਰੇਣੀ) ਲਈ 50.95 ਲੱਖ ਰੁ. ਦੇ ਫ਼ੰਡ ਪ੍ਰਾਪਤ ਹੋਏ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ 19.60 ਲੱਖ ਰੁ. ਦੀ ਬਕਾਇਆ ਦੇਣਦਾਰੀ ਅਦਾ ਕਰਨ ਉਪਰੰਤ ਬਾਕੀ ਬਚੀ 31.35 ਲੱਖ ਰੁ. ਦੀ ਸਬਸਿਡੀ ਜਾਰੀ ਕਰਨ ਲਈ ਡਰਾਅ ਕੱਢਿਆ ਗਿਆ | ਉਨ੍ਹਾਂ ਅੱਗੇ ਦੱਸਿਆ ਕਿ ਸਮੈਮ ਸਕੀਮ ਅਧੀਨ ਕਸਟਮ ਹਾਇਰਿੰਗ ਸੈਂਟਰ (ਜਨਰਲ ਸ਼੍ਰੇਣੀ) ਲਈ 62 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਦਕਿ ਇਸ ਮੰਤਵ ਲਈ 19 ਲੱਖ ਰੁ. ਦਾ ਬਜਟ ਉਪਲੱਬਧ ਹੈ | ਇਸ ਸ਼੍ਰੇਣੀ ਲਈ ਯੋਗ ਲਾਭਪਾਤਰੀਆਂ ਦੀ ਚੋਣ ਡਰਾਅ ਰਾਹੀਂ ਕੀਤੀ ਗਈ | ਇਸ ਮੌਕੇ ਮੈਨੇਜਰ ਲੀਡ ਬੈਂਕ ਐੱਮ. ਕੇ. ਭਾਰਦਵਾਜ, ਬਲਾਕ ਖੇਤੀਬਾੜੀ ਅਫ਼ਸਰ ਡਾ. ਰਮਨ ਕਰੋੜੀਆ, ਡਾ. ਸ਼ੁਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪ੍ਰੀਤ ਸਿੰਘ, ਡਾ. ਕਲਪਨਾ, ਜੂਨੀਅਰ ਟੈਕਨੀਸ਼ੀਅਨ ਲਖਵਿੰਦਰ ਸਿੰਘ, ਸਹਿਕਾਰਤਾ ਵਿਭਾਗ ਅਤੇ ਕੇ. ਵੀ. ਕੇ. ਦੇ ਨੁਮਾਇੰਦੇ, ਸਮੂਹ ਬਲਾਕਾਂ ਤੋਂ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ |