ਐੱਸ. ਏ. ਐੱਸ. ਨਗਰ, 14 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਵਾ. ਨੰ. 41 ਦੀ ਭਾਜਪਾ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਪੰਜਾਬ ਸਰਕਾਰ ਤੋਂ ਮੁਹਾਲੀ ਨਗਰ ਨਿਗਮ 'ਚ ਸ਼ਾਮਿਲ ਕੀਤੇ ਨਵੇਂ ਸੈਕਟਰਾਂ ਨੂੰ ਜਲਦ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਅੱਜ ਸੰਭਾਲਕੀ ਤੇ ਨਾਨੂੰ ਮਾਜਰਾ ਪਿੰਡ ਦਾ ਦੌਰਾ ਕਰਨ ਮੌਕੇ ਕਿਹਾ ਕਿ ਮੁਹਾਲੀ ਨਗਰ ਨਿਗਮ 'ਚ ਸ਼ਾਮਿਲ ਕੀਤੇ ਕਈ ਇਲਾਕਿਆਂ 'ਚ ਲੋਕ ਅਜੇ ਵੀ ਭੂ-ਜਲ ਅਤੇ ਟਿਊਬਵੈੱਲਾਂ 'ਤੇ ਨਿਰਭਰ ਹਨ, ਜਿਸ ਕਾਰਨ ਪਾਣੀ ਦੀ ਗੁਣਵੱਤਾ ਅਤੇ ਉਪਲੱਬਧਤਾ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਨਗਰ ਨਿਗਮ ਨੂੰ ਨਹਿਰੀ ਪਾਣੀ ਦੀ ਸਪਲਾਈ ਨੂੰ ਵਧਾਉਣ ਲਈ ਬਣਾਈਆਂ ਗਈਆਂ ਯੋਜਨਾਵਾਂ ਤੇ ਪ੍ਰਾਜੈਕਟਾਂ ਨੂੰ ਤਰਜੀਹ ਦੇ ਕੇ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਾ. ਨੰ. 41 ਅਧੀਨ ਆਉਂਦੇ ਪਿੰਡ ਸੰਭਾਲਕੀ, ਨਾਨੂੰ ਮਾਜਰਾ, ਵੇਵ ਐਸਟੇਟ ਸੈਕਟਰ-85, ਪ੍ਰੀਤ ਸਿਟੀ ਸੈਕਟਰ-86 ਤੇ ਸੈਕਟਰ-88 ਸਮੇਤ ਸਮੂਹ ਮੁਹਾਲੀ ਵਾਸੀਆਂ ਨੂੰ ਸਾਫ਼-ਸੁਥਰੇ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਮਿਲਣਾ ਉਨ੍ਹਾਂ ਦਾ ਹੱਕ ਹੈ | ਪੰਜਾਬ ਸਰਕਾਰ ਨੂੰ ਲੋਕਾਂ ਦੀ ਸਿਹਤ ਅਤੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਇਸ ਮੁੱਦੇ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਅਤੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ ਅਤੇ ਮੁਹਾਲੀ ਦੇ ਹਰ ਨਾਗਰਿਕ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ |