ਚੰਡੀਗੜ੍ਹ, 20 ਜੂਨ (ਅਜਾਇਬ ਸਿੰਘ ਔਜਲਾ) - ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਕਿਰਤੀ ਸਮਾਜ ਦੀ ਅਗਵਾਈ ਕਰਨ ਵਾਲ਼ੇ ਧਰਮਪਾਲ ਉਪਾਸ਼ਕ ਦੀ ਦੂਜੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਦਾ ਲੋਕ ਅਰਪਣ ਸਮਾਰੋਹ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਇਆ। ਇਸ ਕਿਤਾਬ ਵਿਚ 34 ਕਾਵਿ ਰਚਨਾਵਾਂ ਹਨ।ਧਰਮਪਾਲ ਉਪਾਸ਼ਕ ਦੀ ਪਹਿਲੀ ਪੁਸਤਕ ‘ਗੁੰਮਸ਼ੁਦਾ ਪੈੜਾਂ’ 2001 ਵਿਚ ਛਪੀ ਸੀ। ਲੋਕ ਅਰਪਣ ਸਮਾਰੋਹ ਵਿਚ ਲੇਖਕ ਧਰਮਪਾਲ ਉਪਾਸ਼ਕ ਤੋਂ ਇਲਾਵਾ ਉੱਘੇ ਲੇਖਕ ਅਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਪੱਤਰਕਾਰ ਸ਼ਾਮ ਸਿੰਘ (ਅੰਗ-ਸੰਗ), ਮੁਲਾਜ਼ਮ ਆਗੂ ਹਾਕਮ ਸਿੰਘ ਅਤੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਤੋਂ ਇਲਾਵਾ ਹੋਰ ਕਵੀਆਂ ਤੇ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਮੌਕੇ ਸੁਆਗਤ ਕਰਦਿਆਂ ਲੇਖਕ ਦੀ ਧੀ ਪ੍ਰਸਿੱਧ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਸਾਹਿਤ, ਕਲਾ ਤੇ ਸਭਿਆਚਾਰ ਦੀ ਗੁੜ੍ਹਤੀ ਪਿਤਾ ਕੋਲ਼ੋਂ ਹੀ ਮਿਲੀ। ਸ਼ਾਮ ਸਿੰਘ (ਅੰਗ-ਸੰਗ) ਨੇ ਲੇਖਕ ਨਾਲ਼ ਆਪਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਉਹ ਇਕ ਵਿਲੱਖਣ ਸ਼ਖ਼ਸੀਅਤ ਹਨ। ਸਪਤਰਿਸ਼ੀ ਪਬਲੀਕੇਸ਼ਨ ਦੇ ਸੰਚਾਲਕ ਬਲਦੇਵ ਸਿੰਘ ਨੇ ਇੱਕ ‘ਪੋਸਟਰ ਭੇਂਟ ਕੀਤਾ। ਅਵਨੂਰ ਦਾ ਗਾਇਆ ਗੀਤ ‘ਤੂੰ ਜੁਗ ਜੁਗ ਜੀਵੇਂ ਇਹ ਮੰਗਾਂ ਮੈਂ ਦੁਆਵਾਂ’ ਬਹੁਤ ਸਲਾਹਿਆ ਗਿਆ। ਪ੍ਰਸਿੱਧ ਗਾਇਕ ਸਿਕੰਦਰ ਸਲੀਮ ਨੇ ਸ਼ਬਦੀਸ਼ ਦਾ ਗੀਤ ‘ਭਾਵੇਂ ਬੁੱਲ੍ਹਾਂ ਤੇ ਤਾਲ਼ਾ ਏ ਗੀਤ ਮੇਰੇ ਬੋਲ਼ ਜਾਂਦੇ ਨੇ’ ਆਪਣੀ ਖ਼ੂਬਸੂਰਤ ਆਵਾਜ਼ ਵਿਚ ਸੁਣਾਇਆ। ਮੁਲਾਜ਼ਮ ਆਗੂ ਹਾਕਮ ਸਿੰਘ ਨੇ ਆਖਿਆ ਕਿ ਉਪਾਸ਼ਕ ਸਭ ਦੇ ਹਰਮਨ ਪਿਆਰੇ ਰਹੇ ਹਨ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਚਾਰਧਾਰਾ ਸਭ ਤੋਂ ਵੱਡੀ ਤਾਕਤ ਹੈ। ਧਰਮਪਾਲ ਉਪਾਸ਼ਕ ਦਾ ਸ਼ਾਂਤ ਸੁਭਾਅ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਦਾ ਹੈ। ਲੇਖਕ ਨੇ ਆਪਣੀ ਗੱਲ ਕਰਦਿਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸੰਘਰਸ਼ ਨਵੇਂ ਸ਼ਬਦ ਘੜ ਕੇ ਕਾਵਿ ਸਿਰਜਣਾ ਕਰ ਜਾਂਦਾ ਹੈ। ਸ਼ਬਦੀਸ਼ ਨੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਲੇਖਕ ਬਦਲਦੇ ਹਾਲਾਤ ਦੀ ਕਵਿਤਾ ਲਿਖਣ ਵਿਚ ਸਮਰੱਥ ਹਨ। ਮੌਜੂਦ ਸ੍ਰੋਤਿਆਂ ਦੀ ਹਾਜ਼ਰੀ ਵਿਚ ਧਰਮਪਾਲ ਉਪਾਸ਼ਕ ਦੇ 83ਵੇਂ ਜਨਮਦਿਨ ਦਾ ਕੇਕ ਵੀ ਕੱਟਿਆ ਗਿਆ।ਇਸ ਮੌਕੇ ਰੰਗ ਮੰਚ ਦੇ ਪ੍ਰਸਿੱਧ ਨਿਰਦੇਸ਼ਕ, ਨਾਟਕਕਾਰ ਦਵਿੰਦਰ ਦਮਨ, ਜਸਵੰਤ ਦਮਨ, ਅਰਵਿੰਦ ਰਟੌਲ, ਸੰਜੀਵਨ ਸਿੰਘ, ਰੰਜੀਵਨ ਸਿੰਘ, ਗੁਰਜੀਤ ਸਿੰਘ ਬਿੱਲਾ, ਰੈਕਟਰ ਕਥੂਰੀਆ, ਬਲਵਿੰਦਰ ਸਿੰਘ ਉੱਤਮ, ਕਾਰਤਿਕਾ ਸਿੰਘ, ਤਿਲਕ ਰਾਜ ਆਦਿ ਨੇ ਵੀ ਸ਼ਿਰਕਤ ਕੀਤੀ।