ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ/ਯਸ਼ਵੰਤ ਬੱਸੀ)-12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰੂਪਨਗਰ ਜ਼ਿਲ੍ਹੇ ਭਰ ਵਿਚ ਸਰਕਾਰੀ, ਸਮਾਜਿਕ, ਧਾਰਮਿਕ ਅਤੇ ਸਵੈ-ਸੇਵੀ ਸੰਸਥਾਵਾਂ ਵਲੋਂ ਵੱਡੇ ਪੱਧਰ ‘ਤੇ ਯੋਗ ਸਮਾਗਮ ਕਰਵਾਏ ਗਏ। ਇਸ ਸਾਲ ਦਾ ਥੀਮ ‘’ਸਵਸਥ ਏਜਿੰਗ ਲਈ ਯੋਗ”ਰਿਹਾ। ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਸਰਕਾਰੀ ਕਾਲਜ ਰੂਪਨਗਰ ਵਿਖੇ ਕਰਵਾਇਆ ਗਿਆ, ਜਦਕਿ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਯੋਗ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਤੰਦਰੁਸਤ ਅਤੇ ਸੰਤੁਲਿਤ ਜੀਵਨ ਜਿਊਣ ਦੀ ਇੱਕ ਵਿਗਿਆਨਕ ਪੱਧਤੀ ਹੈ। ਸਮਾਗਮਾਂ ਦੌਰਾਨ ਸੈਂਕੜੇ ਲੋਕਾਂ ਨੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਅਭਿਆਸ ਕਰਦਿਆਂ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ।
ਸਰਕਾਰੀ ਕਾਲਜ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ : ਸਰਕਾਰੀ ਕਾਲਜ ਰੂਪਨਗਰ ਦੇ ਓਪਨ ਏਅਰ ਆਡੀਟੋਰੀਅਮ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਆਯੁਰਵੇਦ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਪਰਮਜੀਤ ਸੈਣੀ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੋਗ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਅਪਣਾ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਹਰ ਵਿਅਕਤੀ ਨੂੰ ਰੋਜ਼ਾਨਾ 15 ਤੋਂ 30 ਮਿੰਟ ਯੋਗ ਲਈ ਕੱਢਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸੀ.ਐਮ. ਦੀਆਂ ਯੋਗਸ਼ਾਲਾਵਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਵਰਿੰਦਰ ਮੋਹਨ ਪੁਹਾਲ, ਡਾ. ਚੰਦਨ ਸ਼ਰਮਾ ਅਤੇ ਉਪਵੇਦ ਸ੍ਰੀ ਓਂਕਾਰੇਸ਼ਵਰ ਵਲੋਂ ਸਾਂਝੇ ਯੋਗ ਪ੍ਰੋਟੋਕਾਲ ਅਨੁਸਾਰ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਦੀ ਸਿਖਲਾਈ ਦਿੱਤੀ ਗਈ। ਯੋਗ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਲਾਭਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਮਾਗਮ ਵਿਚ ਕਰੀਬ 600 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਚਿਨ ਜੋਸ਼ੀ (ਸੁਪਰਡੈਂਟ), ਡਾ. ਰਾਹੁਲ ਸ਼ਰਮਾ, ਡਾ. ਕਵਿਤਾ ਭਾਰਦਵਾਜ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਚੇਤੰਨਿਆ ਯੋਗ ਪਰਿਵਾਰ, ਗਿਆਨੀ ਜ਼ੈਲ ਸਿੰਘ ਨਗਰ : ਗਿਆਨੀ ਜ਼ੈਲ ਸਿੰਘ ਨਗਰ ਦੇ ਮੁੱਖ ਪਾਰਕ ਵਿਚ ਚੇਤੰਨਿਆ ਯੋਗ ਪਰਿਵਾਰ ਵਲੋਂ ਸੀ.ਵੀ. ਰਵਿੰਦਰਨਾਥ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਨੂੰ ਮਨੁੱਖ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਬੌਧਿਕ ਵਿਕਾਸ ਦਾ ਆਧਾਰ ਦੱਸਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਆਧੁਨਿਕ ਜੀਵਨ ਦੀ ਦੌੜ-ਭੱਜ ਵਿਚ ਯੋਗ ਮਨੁੱਖ ਨੂੰ ਤਣਾਅ ਤੋਂ ਮੁਕਤੀ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਸਮਾਗਮ ਵਿਚ ਕੌਂਸਲਰ ਜਗਮੋਹਣ ਕੌਰ ਨੇ ਵੀ ਸ਼ਿਰਕਤ ਕੀਤੀ।
ਭਾਰਤੀਯ ਯੋਗ ਸੰਸਥਾਨ, ਰੂਪਨਗਰ : ਭਾਰਤੀਯ ਯੋਗ ਸੰਸਥਾਨ ਰੂਪਨਗਰ ਵਲੋਂ ਗਿਆਨੀ ਜ਼ੈਲ ਸਿੰਘ ਨਗਰ ਦੇ ਮੁੱਖ ਪਾਰਕ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਰੂਪਨਗਰ ਜ਼ੋਨ ਦੀ ਪ੍ਰਧਾਨ ਕੁਸਮ ਸ਼ਰਮਾ ਅਤੇ ਸਕੱਤਰ ਰਾਜਿੰਦਰ ਸੈਣੀ ਨੇ ਦੱਸਿਆ ਕਿ ਸੰਸਥਾਨ ਵੱਲੋਂ ਸਾਲ ਭਰ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਯੋਗ ਨੂੰ ਲੋਕ ਅੰਦੋਲਨ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਮਾਗਮ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਯੋਗ ਸਰੀਰ, ਮਨ ਅਤੇ ਆਤਮਾ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਵਧੀਆ ਮਾਧਿਅਮ ਹੈ। ਇਸ ਮੌਕੇ ਇੰਦਰਪਾਲ ਸਿੰਘ ਰਾਜੂ ਸਤਿਆਲ, ਪਰਵਿੰਦਰਪਾਲ ਸਿੰਘ ਬਿੰਟਾ, ਕੇ.ਐਲ. ਕਪੂਰ, ਮੀਨਲ, ਮੋਨਿਕਾ, ਆਸਿਮਾ, ਸੀਮਾ, ਜਗਦੇਵ ਸਿੰਘ, ਹੰਸ ਰਾਜ, ਪੂਜਾ, ਪ੍ਰੀਤਕਮਲ ਅਤੇ ਪੂਨਮ ਸਮੇਤ ਵੱਡੀ ਗਿਣਤੀ ਵਿਚ ਯੋਗ ਸਾਧਕ ਹਾਜ਼ਰ ਸਨ।
ਬਾਜਵਾ ਕਲੱਬ ਅਤੇ ਸੀ.ਐਸ.ਸੀ. ਰੂਪਨਗਰ : ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਬਾਜਵਾ ਕਲੱਬ ਅਤੇ ਸੀ.ਐਸ.ਸੀ. ਰੂਪਨਗਰ ਵਲੋਂ ‘’ਤੰਦਰੁਸਤ ਬੁਢਾਪੇ ਲਈ ਯੋਗ”ਵਿਸ਼ੇ ਤਹਿਤ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਭਾਗੀਦਾਰਾਂ ਨੂੰ ਯੋਗ ਦੇ ਮਹੱਤਵ ਅਤੇ ਸਿਹਤਮੰਦ ਜੀਵਨ ਵਿਚ ਇਸ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ ਗਿਆ। ਸਮਾਗਮ ਵਿਚ ਰੋਹਨ (ਜ਼ਿਲ੍ਹਾ ਮੈਨੇਜਰ ਸੀ.ਐਸ.ਸੀ.), ਅਭਿਮਨਿਊ ਸ਼ੁਕਲਾ, ਦੀਪਕ, ਗੁਰਮੇਲ ਸਿੰਘ ਐੱਸ.ਡੀ.ਓ., ਪ੍ਰਿੰਸੀਪਲ ਅਵਤਾਰ ਸਿੰਘ, ਜੀ.ਐੱਸ. ਕਪੂਰ, ਅਜੀਤ ਸਿੰਘ, ਠੇਕੇਦਾਰ ਜਸਪਾਲ ਸਿੰਘ, ਵਿਨੋਦ ਕੁਮਾਰ ਅਤੇ ਸੁਰਿੰਦਰ ਸਿੰਘ ਟਕਸਾਲੀ ਹਾਜ਼ਰ ਸਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਕੋਟਲਾ ਨਿਹੰਗ : ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਕੋਟਲਾ ਨਿਹੰਗ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਕੋਟਲਾ ਨਿਹੰਗ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਬਜ਼ੁਰਗਾਂ ਨੇ ਯੋਗ ਅਭਿਆਸ ਕਰਦਿਆਂ ਸਿਹਤਮੰਦ ਜੀਵਨ ਲਈ ਯੋਗ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਸਮਾਗਮ ਵਿਚ ਸੁਰਜਨ ਸਿੰਘ ਅਤੇ ਗੁਰਬਚਨ ਸਿੰਘ ਸੋਢੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। (ਬਾਕੀ ਸਫ਼ਾ 7 ’ਤੇ)
ਰੂਪਨਗਰ ਜ਼ਿਲ੍ਹੇ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-06-2026