ਐੱਸ. ਏ. ਐੱਸ. ਨਗਰ, 14 ਜੁਲਾਈ (ਕਪਿਲ ਵਧਵਾ)-ਖਰੜ ਦੇ ਸੰਨੀ ਇਨਕਲੇਵ ਸਥਿਤ 200 ਗਜ਼ ਦੇ ਪਲਾਟ ਦੀ ਰਜਿਸਟਰੀ ਪਹਿਲਾਂ ਮਰੇ ਹੋਏ ਵਿਅਕਤੀ ਦੇ ਨਾਂਅ ‘ਤੇ ਕਰਵਾਈ ਗਈ ਅਤੇ ਫ਼ਿਰ ਜਾਅਲੀ ਜਨਰਲ ਪਾਵਰ ਆਫ਼ ਅਟਾਰਨੀ (ਜੀ. ਪੀ. ਏ.) ਤਿਆਰ ਕਰਕੇ ਲੱਖਾਂ ਰੁ. ਦੀ ਧੋਖਾਧੜੀ ਕੀਤੀ ਗਈ। ਇਸ ਮਾਮਲੇ ‘ਚ ਥਾਣਾ ਐੱਨ. ਆਰ. ਆਈ. ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਦਲਬੀਰ ਸਿੰਘ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਅਦਾਲਤ ‘ਚ ਪੇਸ਼ ਕਰਨ ਉਪਰੰਤ ਦੋਵਾਂ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਅਮਰੀਕਾ ਵਿਖੇ ਸਥਾਪਿਤ ਐੱਨ. ਆਰ. ਆਈ. ਅਮਿਤ ਨਾਗਪਾਲ ਨੇ ਦੱਸਿਆ ਕਿ ਉਸ ਨੇ ਖਰੜ ਦੇ ਸੰਨੀ ਇਨਕਲੇਵ ‘ਚ ਸਥਿਤ 200 ਗਜ਼ ਦਾ ਪਲਾਟ ਬਾਜਵਾ ਡਿਵੈਲਪਰਜ਼ ਤੋਂ ਖ਼ਰੀਦਿਆ ਸੀ। ਬਾਅਦ ‘ਚ ਉਸ ਨੂੰ ਪਤਾ ਚੱਲਿਆ ਕਿ ਦਲਬੀਰ ਸਿੰਘ ਅਤੇ ਵਿਨੋਦ ਕੁਮਾਰ ਨੇ ਮਰੇ ਹੋਏ ਵਿਅਕਤੀ ਦੇ ਨਾਂਅ ‘ਤੇ ਜਾਅਲੀ ਜਨਰਲ ਪਾਵਰ ਆਫ ਅਟਾਰਨੀ ਤਿਆਰ ਕਰਵਾ ਕੇ ਉਕਤ ਪਲਾਟ ਦੀ ਰਜਿਸਟਰੀ ਆਪਣੇ ਹੱਕ ‘ਚ ਕਰਵਾ ਲਈ ਅਤੇ ਇਸ ਰਾਹੀਂ ਲੱਖਾਂ ਰੁ. ਦਾ ਗ਼ੈਰਕਾਨੂੰਨੀ ਲਾਭ ਹਾਸਿਲ ਕੀਤਾ। ਥਾਣਾ ਐੱਨ. ਆਰ. ਆਈ. ਫੇਜ਼-7 ਦੇ ਐੱਸ. ਐਚ. ਓ .ਹਿੰਮਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ੁਰੂਆਤੀ ਜਾਂਚ ਦੌਰਾਨ ਸ਼ਿਕਾਇਤ ਨੂੰ ਸਹੀ ਪਾਇਆ, ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਰਿਮਾਂਡ ਦੌਰਾਨ ਜਾਅਲੀ ਦਸਤਾਵੇਜ਼ ਤਿਆਰ ਕਰਨ, ਰਜਿਸਟਰੀ ਕਰਵਾਉਣ ਅਤੇ ਇਸ ਧੋਖਾਧੜੀ ਨਾਲ ਜੁੜੇ ਹੋਰਨਾਂ ਵਿਅਕਤੀਆਂ ਦੀ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਸੰਬੰਧੀ ਥਾਣਾ ਐਨ. ਆਰ. ਆਈ. ਫੇਜ਼-7 ਮੁਹਾਲੀ ਵਿਖੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 318 (4), 319 (2), 324 (4), 336 (3), 338, 340 (2) ਅਤੇ 61 (2) ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।