ਐੱਸ. ਏ. ਐੱਸ. ਨਗਰ, 14 ਜੁਲਾਈ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਸੰਬੰਧੀ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਤਿਆਰ ਕੀਤੀ ਗਈ ਨਵੇਂ ਪੋਲਿੰਗ ਬੂਥਾਂ ਦੀ ਸਥਾਪਨਾ ਤੇ ਕੁਝ ਮੌਜੂਦਾ ਪੋਲਿੰਗ ਬੂਥਾਂ ਦੀ ਤਬਦੀਲੀ ਸੰਬੰਧੀ ਡਰਾਫਟ ਤਜਵੀਜ਼ ਸਾਂਝੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਡਰਾਫਟ ਤਜਵੀਜ਼ ਅਨੁਸਾਰ ਜ਼ਿਲ੍ਹੇ ‘ਚ ਕੁੱਲ 98 ਨਵੇਂ ਪੋਲਿੰਗ ਬੂਥ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਗਿਣਤੀ ਵਧਾਉਣ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪੋਲਿੰਗ ਬੂਥ ‘ਤੇ 1200 ਤੋਂ ਵੱਧ ਵੋਟਰ ਨਾ ਹੋਣ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਆਪਣੇ ਰਿਹਾਇਸ਼ੀ ਖੇਤਰ ਤੋਂ 2 ਕਿੱਲੋਮੀਟਰ ਦੇ ਘੇਰੇ ਅੰਦਰ ਪੋਲਿੰਗ ਬੂਥ ਦੀ ਸਹੂਲਤ ਉਪਲੱਬਧ ਹੋਵੇ। ਉਨ੍ਹਾਂ ਦੱਸਿਆ ਕਿ ਡਰਾਫਟ ਤਜਵੀਜ਼ ਅਨੁਸਾਰ ਵਿਧਾਨ ਸਭਾ ਹਲਕਾ 52-ਖਰੜ ‘ਚ 36 ਨਵੇਂ ਪੋਲਿੰਗ ਬੂਥ, ਵਿਧਾਨ ਸਭਾ ਹਲਕਾ 53-ਮੁਹਾਲੀ ‘ਚ 27 ਨਵੇਂ ਪੋਲਿੰਗ ਬੂਥ ਅਤੇ ਵਿਧਾਨ ਸਭਾ ਹਲਕਾ 112-ਡੇਰਾਬੱਸੀ ‘ਚ 35 ਨਵੇਂ ਪੋਲਿੰਗ ਬੂਥ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਇਕ ਡਰਾਫਟ ਤਜਵੀਜ਼ ਹੈ, ਜਿਸ ਸੰਬੰਧੀ ਰਾਜਸੀ ਪਾਰਟੀਆਂ ਤੋਂ ਪ੍ਰਾਪਤ ਹੋਣ ਵਾਲੇ ਸੁਝਾਵਾਂ ਨੂੰ ਵਿਚਾਰਨ ਉਪਰੰਤ ਇਸ ਨੂੰ ਪ੍ਰਵਾਨਗੀ ਲਈ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਭੇਜਿਆ ਜਾਵੇਗਾ। ਮੀਟਿੰਗ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਤਜਵੀਜ਼ਤ ਖਰੜੇ ਦਾ ਸਮਰਥਨ ਕੀਤਾ। ਇਸੇ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.)-2026 ਮੁਹਿੰਮ ਸੰਬੰਧੀ ਵਿਚਾਰ-ਚਰਚਾ ਕਰਦਿਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਬੂਥ ਲੈਵਲ ਏਜੰਟਾਂ (ਬੀ. ਐਲ. ਏਜ਼.) ਨੂੰ ਇਸ ਮੁਹਿੰਮ ‘ਚ ਹੋਰ ਵੱਧ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ, ਅੱਪਡੇਟ ਅਤੇ ਭਰੋਸੇਯੋਗ ਬਣਾਇਆ ਜਾ ਸਕੇ। ਮੀਟਿੰਗ ‘ਚ ਆਮ ਆਦਮੀ ਪਾਰਟੀ ਵਲੋਂ ਬਹਾਦਰ ਸਿੰਘ ਚਹਿਲ, ਬਸਪਾ ਵਲੋਂ ਸੁਰਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਬਰਜਿੰਦਰ ਸ਼ਰਮਾ ਤੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਰਮਨਜੋਤ ਸਿੰਘ, ਭਾਰਤੀ ਜਨਤਾ ਪਾਰਟੀ ਵਲੋਂ ਅਨਿਲ ਕੁਮਾਰ ਗੁੱਡੂ, ਚੋਣ ਤਹਿਸੀਲਦਾਰ ਹਰਪ੍ਰੀਤ ਕੌਰ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ, ਚੋਣ ਕਾਨੂੰਨਗੋ ਸੁਰਿੰਦਰ ਬੱਤਰਾ, ਚੋਣ ਕਾਨੂੰਨਗੋ (ਮੁਹਾਲੀ) ਵਰੁਣ ਤੇ ਜਗਤਾਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।