14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਲਈ ਚੰਡੀਗੜ੍ਹ ਪੂਰੀ ਤਰ੍ਹਾਂ ਤਿਆਰ ਕਰਨ ’ਚ ਜੁਟਿਆ ਯੂ. ਟੀ. ਪ੍ਰਸ਼ਾਸਨ

Ad Position 21
No active advertisement
ਅਜੀਤ ਡੈਸਕ 16-07-2026
ਚੰਡੀਗੜ੍ਹ, 15 ਜੁਲਾਈ (ਸੰਦੀਪ ਕੁਮਾਰ ਮਾਹਨਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਹੋਣ ਵਾਲੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਯੂ. ਟੀ. ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸੈਕਟਰ-12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਵਿਖੇ ਹੋਣ ਵਾਲੇ ਸਮਾਗਮ ਲਈ ਮੰਚ, ਬੈਠਕ ਪ੍ਰਬੰਧ, ਬੈਰੀਕੇਡਿੰਗ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ, ਜਦਕਿ ਪ੍ਰਧਾਨ ਮੰਤਰੀ ਦੇ ਸੰਭਾਵਿਤ ਰੂਟ ’ਤੇ ਸੜਕਾਂ, ਡਿਵਾਈਡਰਾਂ ਅਤੇ ਜਨਤਕ ਥਾਵਾਂ ਨੂੰ ਵੀ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਪੂਰੀ ਤਰਾਂ ਸਰਗਰਮ ਹਨ। ਨਗਰ ਨਿਗਮ, ਪੁਲਿਸ, ਲੋਕ ਨਿਰਮਾਣ ਵਿਭਾਗ, ਬਿਜਲੀ ਅਤੇ ਬਾਗ਼ਬਾਨੀ ਵਿਭਾਗ ਦੀਆਂ ਟੀਮਾਂ ਆਪਣੇ-ਆਪਣੇ ਪੱਧਰ ’ਤੇ ਕੰਮਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਵਿਚ ਲੱਗੀਆਂ ਹੋਈਆਂ ਹਨ। ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਲਗਾਤਾਰ ਸਮਾਗਮ ਸਥਾਨ ਅਤੇ ਪ੍ਰਧਾਨ ਮੰਤਰੀ ਦੇ ਸੰਭਾਵਿਤ ਰੂਟ ਦਾ ਨਿਰੀਖਣ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਦੇ ਰੂਟ ’ਤੇ ਪੈਣ ਵਾਲੇ ਮੁੱਖ ਮਾਰਗਾਂ ਦੇ ਡਿਵਾਈਡਰਾਂ ਨੂੰ ਨਵੇਂ ਰੰਗ ਨਾਲ ਰੰਗਿਆ ਜਾ ਰਿਹਾ ਹੈ, ਜਦਕਿ ਪੁਲਿਸ ਨਾਕਿਆਂ ਨੂੰ ਵੀ ਰੰਗ-ਰੋਗਨ ਕਰਕੇ ਸੁਚੱਜਾ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਦੂਰੋਂ ਹੀ ਸਪੱਸ਼ਟ ਨਜ਼ਰ ਆ ਸਕਣ। ਦੂਜੇ ਪਾਸੇ ਪੀ.ਈ.ਸੀ. ਕੈਂਪਸ ਵਿਚ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ਵਿਚ ਪਹੁੰਚ ਗਈਆਂ ਹਨ। ਮੰਚ ਦੀ ਉਸਾਰੀ, ਵਿਸ਼ੇਸ਼ ਮਹਿਮਾਨਾਂ ਅਤੇ ਆਮ ਲੋਕਾਂ ਲਈ ਬੈਠਕ ਪ੍ਰਬੰਧ, ਬੈਰੀਕੇਡਿੰਗ, ਪਾਰਕਿੰਗ, ਪ੍ਰਵੇਸ਼ ਅਤੇ ਨਿਕਾਸ ਮਾਰਗਾਂ ਸਮੇਤ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਦੀ ਐਸ.ਐਸ.ਪੀ. ਕੰਵਰਦੀਪ ਕੌਰ ਨੇ ਸਮਾਗਮ ਵਾਲੀ ਜਗ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਵਲੋਂ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਆਵਾਜਾਈ ਦੌਰਾਨ ਕੁਝ ਮਾਰਗਾਂ ’ਤੇ ਆਵਾਜਾਈ ਨੂੰ ਅਸਥਾਈ ਤੌਰ ’ਤੇ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ, ਟ੍ਰੈਫ਼ਿਕ, ਸਫ਼ਾਈ ਅਤੇ ਸਮਾਗਮ ਨਾਲ ਸਬੰਧਤ ਸਾਰੀਆਂ ਤਿਆਰੀਆਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਈਆਂ ਜਾਣਗੀਆਂ। ਵੱਖ-ਵੱਖ ਵਿਭਾਗਾਂ ਵਿਚਾਲੇ ਪੂਰਾ ਤਾਲਮੇਲ ਬਣਾਇਆ ਗਿਆ ਹੈ ਅਤੇ ਹਰ ਪ੍ਰਬੰਧ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ, ਤਾਂ ਜੋ ਪ੍ਰਧਾਨ ਮੰਤਰੀ ਦਾ ਚੰਡੀਗੜ੍ਹ ਦੌਰਾ ਹਰ ਪੱਖੋਂ ਸੁਚਾਰੂ, ਸੁਰੱਖਿਅਤ ਅਤੇ ਯਾਦਗਾਰ ਢੰਗ ਨਾਲ ਨਪੇਰੇ ਚੜ ਸਕੇ।
Ad Position 22
No active advertisement
ਪਿਛਲੀ ਖ਼ਬਰ 1972 ਤੋਂ ਸਿੱਖਿਆ, ਸੰਸਕਾਰ ਤੇ ਸਫ਼ਲਤਾ ਦੀ ਮਜ਼ਬੂਤ ਨੀਂਹ-ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਗਲੀ ਖ਼ਬਰ ਪੁਲਿਸ ਨੇ 10 ਦਿਨਾਂ ’ਚ 8 ਭਗੌੜੇ ਤੇ ਵਾਰੰਟੀ ਮੁਲਜ਼ਮ ਕੀਤੇ ਕਾਬੂ
Ad Position 24