ਡੇਰਾਬੱਸੀ, 29 ਜੁਲਾਈ (ਰਣਬੀਰ ਸਿੰਘ ਪੜ੍ਹੀ)-ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਤਾਇਨਾਤ ਸਫਾਈ ਸੇਵਕਾਂ, ਦਰਜਾ ਚਾਰ ਮੁਲਾਜ਼ਮਾਂ, ਦਾਈਆਂ ਅਤੇ ਹੋਰ ਸਟਾਫ਼ ਵਲੋਂ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ’ਚ ਲਗਭਗ 19 ਦੇ ਕਰੀਬ ਕੱਚੇ ਮੁਲਾਜ਼ਮ ਸ਼ਾਮਿਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਠੇਕੇਦਾਰੀ ਪ੍ਰਥਾ ਅਧੀਨ ਆਪਣੀਆਂ ਸੇਵਾਵਾਂ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕੇ ਸਰਕਾਰੀ ਕਰਮਚਾਰੀਆਂ ਦਾ ਦਰਜਾ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਹੋਰ ਸਰਕਾਰੀ ਹਸਪਤਾਲਾਂ ’ਚ ਜਾਰੀ ਨੋਟੀਫਿਕੇਸ਼ਨ ਤਹਿਤ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ, ਜਦਕਿ ਡੇਰਾਬੱਸੀ ਦੇ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਧਿਕਾਰੀ ਇਹ ਤਰਕ ਦੇ ਰਹੇ ਹਨ ਕਿ ਜਿਸ ਕੰਪਨੀ ਰਾਹੀਂ ਉਹ ਕੰਮ ਕਰ ਰਹੇ ਹਨ, ਉਹ ਆਨਲਾਈਨ ਰਜਿਸਟਰਡ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪੱਕੇ ਕਰਨ ਵਾਲੀ ਸੂਚੀ ’ਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਨੇ ਇਸ ਤਰਕ ਨੂੰ ਬਿਲਕੁੱਲ ਗਲਤ ਦੱਸਦਿਆਂ ਕਿਹਾ ਕਿ ਇੰਨੇ ਸਾਲਾਂ ਦੀਆਂ ਸੇਵਾਵਾਂ ਦੇ ਬਾਵਜੂਦ ਕੰਪਨੀ ਦੀਆਂ ਖਾਮੀਆਂ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਜਲਦ ਫੈਸਲਾ ਨਾ ਲਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ।