06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਚਰਸ ਸਮੇਤ ਕਾਬੂ ਪਤੀ-ਪਤਨੀ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਐੱਸ. ਏ.

Ad Position 21
No active advertisement
ਐਨ. ਸੀ. ਬੀ. ਵਲੋਂ 1.244 ਕਿੱਲੋ ਚਰਸ ਕੀਤੀ ਗਈ ਸੀ ਬਰਾਮਦ 06-08-2026
ਐੱਸ. ਏ. ਐੱਸ. ਨਗਰ, 5 ਅਗਸਤ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਐਨ. ਸੀ. ਬੀ. ਚੰਡੀਗੜ੍ਹ ਜ਼ੋਨ ਵਲੋਂ ਚਰਸ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪਤੀ-ਪਤਨੀ ਜੀਤ ਰਾਮ ਅਤੇ ਬੀਨਾ ਠਾਕੁਰ ਦੀਆਂ ਨਿਯਮਿਤ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਮੰਨਿਆ ਕਿ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ ਗੰਭੀਰ ਹਨ ਅਤੇ ਬਰਾਮਦਗੀ ਵਪਾਰਕ ਮਾਤਰਾ ‘ਚ ਆਉਂਦੀ ਹੈ, ਇਸ ਲਈ ਇਸ ਪੜਾਅ ‘ਤੇ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਐਨ. ਸੀ. ਬੀ. ਵਲੋਂ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ 8 ਅਪ੍ਰੈਲ 2026 ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਜੀਤ ਰਾਮ ਅਤੇ ਉਸ ਦੀ ਪਤਨੀ ਬੀਨਾ ਠਾਕੁਰ ਨੂੰ ਕਾਬੂ ਕੀਤਾ ਗਿਆ ਸੀ। ਜਾਂਚ ਦੌਰਾਨ ਕਿਰਾਏ ਦੇ ਮਕਾਨ ‘ਚੋਂ 959 ਗ੍ਰਾਮ ਚਰਸ ਬਰਾਮਦ ਹੋਈ ਸੀ। ਇਸ ਤੋਂ ਬਾਅਦ ਹੋਰ ਪੁੱਛਗਿੱਛ ਦੌਰਾਨ 22 ਅਪ੍ਰੈਲ 2026 ਨੂੰ ਜੀਤ ਰਾਮ ਦੇ ਸਰੀਰ ਦੇ ਅੰਦਰੂਨੀ ਹਿੱਸੇ (ਐਨਲ ਕੈਵਿਟੀ) ‘ਚੋਂ ਹੋਰ 285 ਗ੍ਰਾਮ ਚਰਸ ਬਰਾਮਦ ਕੀਤੀ ਗਈ ਸੀ। ਇਸ ਤਰ੍ਹਾਂ ਕੁੱਲ 1.244 ਕਿੱਲੋ ਚਰਸ ਦੀ ਬਰਾਮਦਗੀ ਹੋਈ ਸੀ, ਜੋ ਕਿ ਐਨ. ਡੀ. ਪੀ. ਐਸ. ਐਕਟ ਤਹਿਤ ਵਪਾਰਕ ਮਾਤਰਾ ਵਿਚ ਆਉਂਦੀ ਹੈ। ਐਨ. ਸੀ. ਬੀ. ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਮੁਲਜ਼ਮ ਹਿਮਾਚਲ ਪ੍ਰਦੇਸ਼ ਤੋਂ ਚਰਸ ਲਿਆ ਕੇ ਚੰਡੀਗੜ੍ਹ, ਨਵਾਂਗਰਾਓਂ ਅਤੇ ਮੁਹਾਲੀ ਖੇਤਰ ਵਿਚ ਗ਼ੈਰ-ਕਾਨੂੰਨੀ ਤੌਰ ‘ਤੇ ਸਪਲਾਈ ਕਰਦੇ ਸਨ। ਜਾਂਚ ਦੌਰਾਨ ਜੀਤ ਰਾਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਪਹਿਲਾਂ ਵੀ ਕਈ ਵਾਰ ਗੁਰਦਰਸ਼ਨ ਕੁਮਾਰ ਅਤੇ ਹਰਬੰਸ ਨਾਮਕ ਵਿਅਕਤੀਆਂ ਨੂੰ ਚਰਸ ਵੇਚ ਚੁੱਕਾ ਹੈ। ਬੀਨਾ ਠਾਕੁਰ ਨੇ ਆਪਣੀ ਗਰਭ ਅਵਸਥਾ ਦਾ ਹਵਾਲਾ ਦਿੰਦਿਆਂ ਮੈਡੀਕਲ ਆਧਾਰ ‘ਤੇ ਜ਼ਮਾਨਤ ਦੀ ਮੰਗ ਕੀਤੀ ਸੀ। ਇਸ ‘ਤੇ ਅਦਾਲਤ ਨੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਉਸ ਦੀ ਸਿਹਤ ਸੰਬੰਧੀ ਰਿਪੋਰਟ ਮੰਗਵਾਈ ਸੀ। ਰਿਪੋਰਟ ਵਿਚ ਉਸ ਦੀ ਸਿਹਤ ਸਥਿਤੀ ਆਮ ਪਾਈ ਗਈ ਅਤੇ ਲੋੜ ਪੈਣ ‘ਤੇ ਜੇਲ੍ਹ ਹਸਪਤਾਲ ਜਾਂ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੀ ਵਿਵਸਥਾ ਹੋਣ ਦਾ ਜ਼ਿਕਰ ਕੀਤਾ ਗਿਆ। ਇਸ ਦੇ ਮੱਦੇਨਜ਼ਰ ਅਦਾਲਤ ਨੇ ਮੈਡੀਕਲ ਆਧਾਰ ਨੂੰ ਵੀ ਜ਼ਮਾਨਤ ਲਈ ਯੋਗ ਨਹੀਂ ਮੰਨਿਆ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਹਨ, ਬਰਾਮਦਗੀ ਕਮਰਸ਼ੀਅਲ ਮਾਤਰਾ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਸਬੂਤਾਂ ਨਾਲ ਛੇੜਛਾੜ ਕਰਨ, ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਮੁਕੱਦਮੇ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਨ੍ਹਾਂ ਕਾਰਨਾਂ ਕਰਕੇ ਦੋਵਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ ਕੁਪਲਤੀ ਨੇ ਡਾ. ਮੋਨਿਕਾ ਪ੍ਰਭਾਕਰ ਦੁਆਰਾ ਲਿਖੀ ਕਿਤਾਬ ਨੂੰ ਕੀਤਾ ਲੋਕ ਅਰਪਣ ਅਗਲੀ ਖ਼ਬਰ ਚੰਡੀਗੜ੍ਹ ’ਚ ਸਾਈਬਰ ਠੱਗਾਂ ਦਾ ਕਹਿਰ ਜਾਰੀ * ਅਡਾਨੀ ਗੈਸ ਦਾ ਜਾਅਲੀ ਏ. ਪੀ. ਕੇ. ਫਾਈਲ ਭੇਜ ਕੇ ਤਿੰਨ ਵਿਅਕਤੀਆਂ ਨਾਲ...
Ad Position 24
No active advertisement