ਚੰਡੀਗੜ੍ਹ ਦੀ ਸੁਰੱਖਿਆ ਵਿਵਸਥਾ ਮੁੜ ਚਰਚਾ ’ਚ, ਆਏ ਦਿਨ ਰੋਸ ਪ੍ਰਦਰਸ਼ਨਾਂ ਨੇ ਖੜ੍ਹੇ ਕੀਤੇ ਕਈ ਸਵਾਲ
ਚੰਡੀਗੜ੍ਹ, 7 ਅਗਸਤ (ਕਪਿਲ ਵਧਵਾ)- ਪੰਜਾਬ ਦੇ ਵੱਖ-ਵੱਖ ਮੁਲਾਜ਼ਮ ਸੰਗਠਨਾਂ ਵਲੋਂ ਬਕਾਇਆ ਡੀ. ਏ.
ਚੰਡੀਗੜ੍ਹ, 7 ਅਗਸਤ (ਕਪਿਲ ਵਧਵਾ)- ਪੰਜਾਬ ਦੇ ਵੱਖ-ਵੱਖ ਮੁਲਾਜ਼ਮ ਸੰਗਠਨਾਂ ਵਲੋਂ ਬਕਾਇਆ ਡੀ. ਏ. (ਮਹਿੰਗਾਈ ਭੱਤਾ) ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਕੀਤੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਦੌਰਾਨ ਬੈਰੀਕੇਡਾਂ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਨੇ ਇਕ ਵਾਰ ਫਿਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਸ਼ਹਿਰ ਵਿਚ ਬੀ. ਐਨ. ਐਸ. ਐਸ. ਦੀ ਧਾਰਾ 163 ਤਹਿਤ ਇਕੱਠ ਕਰਨ ’ਤੇ ਪਾਬੰਦੀ ਲਾਗੂ ਸੀ, ਫਿਰ ਵੀ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਪ੍ਰਦਰਸ਼ਨਕਾਰੀ ਚੰਡੀਗੜ੍ਹ ਦਾਖ਼ਲ ਹੋ ਕੇ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੇ। ਇਹ ਕੱੁਝ ਹੀ ਦਿਨਾਂ ਵਿਚ ਦੂਜਾ ਮੌਕਾ ਹੈ ਜਦੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪਰਖ ਲਈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਕੌਮੀ ਇਨਸਾਫ ਮੋਰਚਾ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਸਬੰਧਤ ਪ੍ਰਦਰਸ਼ਨਾਂ ਦੌਰਾਨ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਤੋੜੇ ਜਾਣ ਦਾ ਮਾਮਲਾ ਆਗੂਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਹੋਣ ਤੱਕ ਪੁੱਜਿਆ। ਇਸ ਤੋਂ ਇਲਾਵਾ 15 ਮਈ ਨੂੰ ਕਿਸਾਨਾਂ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਸਥਾਈ ਭਾਗੀਦਾਰੀ ਖਤਮ ਕਰਨ ਦੇ ਵਿਰੋਧ ਵਿਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪੁਲਿਸ ਨੂੰ ਹਾਲਾਤ ਕਾਬੂ ਕਰਨ ਲਈ ਦਰਜਨਾਂ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਸਨ। ਤਾਜ਼ਾ ਮੁਲਾਜ਼ਮ ਰੋਸ ਪ੍ਰਦਰਸ਼ਨ ਤੋਂ ਬਾਅਦ ਵੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੇ ਗਲਿਆਰਿਆਂ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਧਾਰਾ 163 ਦੀ ਉਲੰਘਣਾ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਜਾਵੇਗੀ ਜਾਂ ਨਹੀਂ। ਹਾਲਾਂਕਿ ਦੇਰ ਸ਼ਾਮ ਤੱਕ ਇਸ ਸਬੰਧੀ ਕੋਈ ਅਧਿਕਾਰਤ ਫ਼ੈਸਲਾ ਸਾਹਮਣੇ ਨਹੀਂ ਆਇਆ ਅਤੇ ਸਥਿਤੀ ਅਜੇ ਵੀ ਅਸਪਸ਼ਟ ਬਣੀ ਹੋਈ ਹੈ। ਦੂਜੇ ਪਾਸੇ ਰੋਸ ਪ੍ਰਦਰਸ਼ਨ ਕਾਰਨ ਸ਼ਹਿਰ ਦੇ ਕਈ ਮੁੱਖ ਚੌਰਾਹਿਆਂ ਅਤੇ ਸੜਕਾਂ ’ਤੇ ਲੰਬੇ ਟਰੈਫਿਕ ਜਾਮ ਵੇਖਣ ਨੂੰ ਮਿਲੇ। ਕਈ ਥਾਵਾਂ ’ਤੇ ਜਾਮ ਲੱਗਣ ਦੇ ਬਾਵਜੂਦ ਟਰੈਫਿਕ ਪੁਲਿਸ ਦੀ ਮੌਜੂਦਗੀ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਹੋ ਰਹੇ ਵੱਡੇ ਪ੍ਰਦਰਸ਼ਨਾਂ ਨੇ ਚੰਡੀਗੜ੍ਹ ਦੀ ਸੁਰੱਖਿਆ ਵਿਵਸਥਾ, ਖੁਫੀਆ ਇਨਪੁੱਟ, ਭੀੜ ਪ੍ਰਬੰਧਨ ਅਤੇ ਟਰੈਫਿਕ ਕੰਟਰੋਲ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਧਾਰਾ 163 ਦੀ ਉਲੰਘਣਾ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਕੀ ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਭਵਿੱਖ ਵਿਚ ਅਜਿਹੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਕੀ ਨਵੀਂ ਰਣਨੀਤੀ ਅਪਣਾਈ ਜਾਂਦੀ ਹੈ।