ਐੱਸ. ਏ. ਐੱਸ. ਨਗਰ, 7 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਵਿਖੇ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੇ ਪਹਿਲੇ ਸ਼ੋਅ ‘ਚ ਦਰਸ਼ਕਾਂ ਸਮੇਤ ਸ਼ਮੂਲੀਅਤ ਕੀਤੀ। ਇਸ ਨਾਟਕ ‘ਚ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਨੇ ਮੁੱਖ ਭੂਮਿਕਾ ‘ਚ ਦਮਦਾਰ ਅਦਾਕਾਰੀ ਕੀਤੀ। ਇਹ ਸ਼ੋਅ ਸੂਬਾ ਪੱਧਰੀ ਸੱਭਿਆਚਾਰਕ ਮੁਹਿੰਮ ਦੀ ਸ਼ੁਰੂਆਤ ਹੈ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ 12 ਸ਼ਹਿਰਾਂ ‘ਚ 41 ਮੁਫ਼ਤ ਸ਼ੋਅ ਕਰਵਾਏ ਜਾਣਗੇ। ਇਸ ਉਪਰਾਲੇ ਨੂੰ ਭਗਵਾਨ ਸ੍ਰੀ ਰਾਮ ਦੇ ਸਦੀਵੀ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਥੀਏਟਰ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਸੱਚ, ਧਰਮ, ਦਇਆ ਤੇ ਏਕਤਾ ਦਾ ਸੰਦੇਸ਼ ਫੈਲਾਉਣ ਦੇ ਨਾਲ-ਨਾਲ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸ਼ੋਅ ਬਿਲਕੁੱਲ ਮੁਫ਼ਤ ਰੱਖੇ ਗਏ ਹਨ ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਅਗਸਤ ਅਤੇ ਸਤੰਬਰ ਦੌਰਾਨ ਸੂਬੇ ਦੇ 12 ਸ਼ਹਿਰਾਂ ‘ਚ ਇਸ ਪ੍ਰਸਿੱਧ ਨਾਟਕ ਦੇ 41 ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਟਕ ਦੀ ਖਾਸ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ‘ਤੇ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਇਸ ਸ਼ੋਅ ‘ਚ ਅਦਾਕਾਰੀ ਕਰ ਰਹੇ ਹਨ, ਜਿਨ੍ਹਾਂ ਦੀ ਦਮਦਾਰ ਅਦਾਕਾਰੀ ਇਸ ਸ਼ੋਅ ਦੀ ਖਿੱਚ ਨੂੰ ਹੋਰ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਇਹ ਸ਼ੋਅ ਪੰਜਾਬ ਦੇ ਬਠਿੰਡਾ, ਜਲੰਧਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਖੰਨਾ ਸਮੇਤ ਹੋਰਨਾਂ ਸ਼ਹਿਰਾਂ ‘ਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅਸਲ ‘ਚ ਸੂਬਾ ਸਰਕਾਰ ਰਾਮਾਇਣ ਦੇ ਇਤਿਹਾਸਕ ਮਹਾਂਕਾਵਿ ਰਾਹੀਂ ਸਨਾਤਨ ਧਰਮ ਦੇ ਸਦੀਵੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ ਰਾਮਾਇਣ ਨੂੰ ਵਿਲੱਖਣ ਅਤੇ ਅਣਛੂਹੇ ਪਹਿਲੂਆਂ ਤੋਂ ਪੇਸ਼ ਕਰਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਇਕ ਨਵਾਂ ਅਤੇ ਗਿਆਨਵਾਨ ਅਨੁਭਵ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੀ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ‘ਇਕ ਸ਼ਾਮ ਸ਼ਿਵ ਕੇ ਨਾਮ’ ਪ੍ਰੋਗਰਾਮ ਕਰਵਾਇਆ ਸੀ, ਜਿਸ ਨੂੰ ਜਨਤਾ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ, ਜਦਕਿ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵੀ ਉਲੀਕ ਰਹੀ ਹੈ, ਜੋ ਕਿ ਸਾਰੇ ਭਾਈਚਾਰਿਆਂ ਦੀ ਅਧਿਆਤਮਕ ਵਿਰਾਸਤ ਦਾ ਸਤਿਕਾਰ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ 150 ਕਲਾਕਾਰਾਂ ਦੀ ਪੂਰੀ ਟੀਮ ਦਾ ਪੰਜਾਬ ਦੀ ਇਸ ਪਵਿੱਤਰ ਅਤੇ ਮਹਾਨ ਧਰਤੀ ‘ਤੇ ਨਿੱਘਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਲੋਕ ਇਸ ਸਮਾਗਮ ‘ਚ ਇਕੱਠੇ ਹਿੱਸਾ ਲੈ ਰਹੇ ਹਨ, ਜੋ ਕਿ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਬਜਟ ‘ਚ ਵਾਧਾ ਕੀਤਾ ਹੈ, ਜੋ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਅਤੇ ਵਿਕਸਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਭਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣਾ, ਉਤਸ਼ਾਹਿਤ ਕਰਨਾ ਅਤੇ ਇਸ ਦਾ ਜਸ਼ਨ ਮਨਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਦਿਲਕਸ਼ ਅਦਾਕਾਰੀ ਨੇ ਦਰਸ਼ਕਾਂ ਨੂੰ ਮੰਤਰ - ਮੁਗਧ ਕੀਤਾ ਮੁਹਾਲੀ ਵਿਖੇ ਹੋਏ ‘ਹਮਾਰੇ ਰਾਮ’ ਨਾਟਕ ਦੇ ਪਹਿਲੇ ਸ਼ੋਅ ਨੇ ਸ਼ੁਰੂਆਤੀ ਸੀਨ ਤੋਂ ਲੈ ਕੇ ਆਖਰੀ ਪਰਦੇ ਤੱਕ ਖਚਾਖਚ ਭਰੇ ਆਡੀਟੋਰੀਅਮ ਨੂੰ ਕੀਲ੍ਹ ਕੇ ਰੱਖਿਆ ਅਤੇ ਦਰਸ਼ਕ ਪੂਰੇ ਨਾਟਕ ਦੌਰਾਨ ਲੀਨ ਰਹੇ। ਦਮਦਾਰ ਅਦਾਕਾਰੀ, ਪ੍ਰਭਾਵਸ਼ਾਲੀ ਸੰਵਾਦਾਂ, ਰੂਹਾਨੀ ਸੰਗੀਤ, ਸ਼ਾਨਦਾਰ ਵਿਜ਼ੂਅਲਸ ਅਤੇ ਵਿਸ਼ਵ ਪੱਧਰੀ ਸਟੇਜ ਕਲਾ ਦੇ ਸੁਮੇਲ ਨੇ ਇਕ ਬਹੁਤ ਹੀ ਭਾਵੁਕ ਤੇ ਅਧਿਆਤਮਕ ਮਾਹੌਲ ਸਿਰਜਿਆ। ਅਦਾਕਾਰ ਆਸ਼ੂਤੋਸ਼ ਰਾਣਾ ਦੁਆਰਾ ਰਾਵਣ ਦੇ ਨਿਭਾਏ ਗਏ ਦਮਦਾਰ ਕਿਰਦਾਰ ਨੇ ਖ਼ੂਬ ਤਾਲੀਆਂ ਬਟੋਰੀਆਂ, ਜਦਕਿ ਬਾਕੀ ਕਲਾਕਾਰਾਂ ਨੇ ਵੀ ਮਹਾਂ-ਕਾਵਿ ਦੇ ਹਰ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਜੀਵੰਤ ਕੀਤਾ। ਨਾਟਕ ਦੀ ਭਾਵਨਾਤਮਕ ਡੂੰਘਾਈ, ਸ਼ਰਧਾ ਭਰੇ ਮਾਹੌਲ ਅਤੇ ਕਲਾਤਮਕ ਉੱਤਮਤਾ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ, ਜਿਸ ਨਾਲ ਇਹ ਸ਼ਾਮ ਭਾਰਤ ਦੀ ਅਮੀਰ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਦਾ ਯਾਦਗਾਰ ਮੌਕਾ ਬਣ ਗਈ।