ਚੰਡੀਗੜ੍ਹ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 11 ਅਗਸਤ (ਕਪਿਲ ਵਧਵਾ)- ਅਜ਼ਾਦੀ ਦਿਵਸ ਤੋਂ ਠੀਕ ਚਾਰ ਦਿਨ ਪਹਿਲਾਂ ਅੱਜ ਸਵੇਰੇ ਚੰਡੀਗੜ੍ਹ ਦੇ ਚਾਰ ਪ੍ਰਮੁੱਖ ਸਕੂਲਾਂ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮਚ ਗਿਆ। ਪੁਲਿਸ ਸੂਤਰਾਂ ਅਨੁਸਾਰ ਸਵੇਰੇ ਕਰੀਬ 7.
ਚੰਡੀਗੜ੍ਹ, 11 ਅਗਸਤ (ਕਪਿਲ ਵਧਵਾ)- ਅਜ਼ਾਦੀ ਦਿਵਸ ਤੋਂ ਠੀਕ ਚਾਰ ਦਿਨ ਪਹਿਲਾਂ ਅੱਜ ਸਵੇਰੇ ਚੰਡੀਗੜ੍ਹ ਦੇ ਚਾਰ ਪ੍ਰਮੁੱਖ ਸਕੂਲਾਂ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮਚ ਗਿਆ। ਪੁਲਿਸ ਸੂਤਰਾਂ ਅਨੁਸਾਰ ਸਵੇਰੇ ਕਰੀਬ 7.50 ਵਜੇ ਧਮਕੀ ਭਰੀ ਈ-ਮੇਲ ਪ੍ਰਾਪਤ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵਲੋਂ ਤੁਰੰਤ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਸਕੂਲਾਂ ਵਿਚ ਭੇਜ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਧਮਕੀ ਵਾਲੇ ਸਕੂਲਾਂ ਵਿਚ ਕਰਮਲ ਕਾਨਵੈਂਟ ਸਕੂਲ ਸੈਕਟਰ-9ਬੀ, ਸੇਂਟ ਜੌਨਜ਼ ਹਾਈ ਸਕੂਲ ਸੈਕਟਰ-26, ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ-2 6 ਅਤੇ ਸੇਂਟ ਸਟੀਫਨਜ਼ ਸਕੂਲ ਸੈਕਟਰ-45ਬੀ ਸ਼ਾਮਿਲ ਹਨ। ਪੁਲਿਸ ਵਲੋਂ ਸਕੂਲਾਂ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਪਰ ਤਲਾਸ਼ੀ ਦੌਰਾਨ ਕੋਈ ਬੰਬ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਈ-ਮੇਲ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ, ਵੀ.ਸੀ. ਦਫ਼ਤਰ ਅਤੇ ਗਾਂਧੀ ਭਵਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 15 ਅਗਸਤ ਤੱਕ ਪੁਲਿਸ ਥਾਣਿਆਂ ’ਤੇ ਗ੍ਰਨੇਡ ਹਮਲੇ ਦੀ ਧਮਕੀ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਈ-ਮੇਲ ਵਿਚ ਲੋਕਾਂ ਨੂੰ ਅਜ਼ਾਦੀ ਦਿਵਸ ਸਮਾਗਮਾਂ ਤੋਂ ਦੂਰ ਰਹਿਣ ਅਤੇ ਘਰਾਂ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਧਮਕੀ ਭਰੀ ਈ-ਮੇਲ ਵਿਚ ਖਾਲਿਸਤਾਨ ਪੱਖੀ ਨਾਅਰੇ ਅਤੇ ਇਤਰਾਜ਼ਯੋਗ ਸਮੱਗਰੀ ਵੀ ਲਿਖੀ ਹੋਈ ਹੈ। ਪੁਲਿਸ ਵਲੋਂ ਹੁਣ ਈ-ਮੇਲ ਦੇ ਸਰੋਤ ਅਤੇ ਭੇਜਣ ਵਾਲੇ ਦੀ ਪਛਾਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਅਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵਲੋਂ ਸ਼ਹਿਰ ਵਿਚ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।