ਨਿਗਮ ਸਦਨ ’ਚ ਮੁੜ ਗੂੰਜੇਗਾ ਕਜੌਲੀ ਵਾਟਰ ਵਰਕਸ ਤੋਂ ਸੈਕਟਰ
39 ਵਾਟਰ ਵਰਕਸ ਤੱਕ 227 ਕਰੋੜ ਦੀ ਪਾਈਪਲਾਈਨ ਦਾ ਮੁੱਦਾ
ਪਿਛਲੀ ਮੀਟਿੰਗ ਦੇ ਟੇਬਲ ਏਜੰਡਿਆਂ ’ਤੇ 20 ਨੂੰ ਮੁੜ ਹੋਵੇਗੀ ਚਰਚਾ
ਚੰਡੀਗੜ੍ਹ, 17 ਅਗਸਤ (ਸੰਦੀਪ ਕੁਮਾਰ ਮਾਹਨਾ)-ਪਿਛਲੀ ਮੀਟਿੰਗ ’ਚ ਟੇਬਲ ਏਜੰਡਿਆਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੁਣ ਨਗਰ ਨਿਗਮ ਸਦਨ ਦੀ 20 ਅਗਸਤ ਨੂੰ ਹੋਣ ਵਾਲੀ ਬੈਠਕ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਬਿਨਾਂ ਚਰਚਾ ਪਾਸ ਕੀਤੇ ਗਏ ਪ੍ਰਸਤਾਵ ਮੁੜ ਸਦਨ ਵਿਚ ਲਿਆਂਦੇ ਜਾਣਗੇ, ਜਿਨ੍ਹਾਂ ਵਿਚ ਕਰੀਬ 227 ਕਰੋੜ ਰੁਪਏ ਦੀ ਕਜੌਲੀ-ਸੈਕਟਰ 39 ਪਾਈਪਲਾਈਨ ਬਦਲਣ ਦੀ ਯੋਜਨਾ ਵੀ ਸ਼ਾਮਲ ਹੈ।
ਚ
ਚੰਡੀਗੜ੍ਹ ਨਗਰ ਨਿਗਮ ਦੀ ਇਮਾਰਤ।
18-08-2026
ਚੰਡੀਗੜ੍ਹ, 17 ਅਗਸਤ (ਸੰਦੀਪ ਕੁਮਾਰ ਮਾਹਨਾ)-ਪਿਛਲੀ ਮੀਟਿੰਗ ’ਚ ਟੇਬਲ ਏਜੰਡਿਆਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੁਣ ਨਗਰ ਨਿਗਮ ਸਦਨ ਦੀ 20 ਅਗਸਤ ਨੂੰ ਹੋਣ ਵਾਲੀ ਬੈਠਕ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਬਿਨਾਂ ਚਰਚਾ ਪਾਸ ਕੀਤੇ ਗਏ ਪ੍ਰਸਤਾਵ ਮੁੜ ਸਦਨ ਵਿਚ ਲਿਆਂਦੇ ਜਾਣਗੇ, ਜਿਨ੍ਹਾਂ ਵਿਚ ਕਰੀਬ 227 ਕਰੋੜ ਰੁਪਏ ਦੀ ਕਜੌਲੀ-ਸੈਕਟਰ 39 ਪਾਈਪਲਾਈਨ ਬਦਲਣ ਦੀ ਯੋਜਨਾ ਵੀ ਸ਼ਾਮਲ ਹੈ। ਮੇਅਰ ਸੌਰਭ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਸਦਨ ਦੀ ਆਮ ਮੀਟਿੰਗ ਸਬੰਧੀ ਨਿਗਮ ਦੇ ਸਕੱਤਰ ਵਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ 19 ਅਗਸਤ ਨੂੰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਵੇਗੀ। ਸਦਨ ਦੀ ਮੀਟਿੰਗ ਲਈ ਰੱਖੇ ਜਾਣ ਵਾਲੇ ਪ੍ਰਸਤਾਵਾਂ ਦੀਆਂ ਕਾਪੀਆਂ ਸਾਰੇ ਕੌਂਸਲਰਾਂ ਨੂੰ ਵੱਖਰੇ ਤੌਰ ’ਤੇ ਭੇਜੀਆਂ ਜਾਣਗੀਆਂ। ਜਿਕਰਯੋਗ ਹੈ ਕਿ ਪਿਛਲੀ ਮੀਟਿੰਗ ਦੌਰਾਨ ਕਰੋੜਾਂ ਰੁਪਏ ਦੇ ਕਈ ਟੇਬਲ ਏਜੰਡਿਆਂ ਨੂੰ ਬਿਨਾਂ ਵਿਸਥਾਰਪੂਰਵਕ ਚਰਚਾ ਦੇ ਪਾਸ ਕੀਤੇ ਜਾਣ ਨੂੰ ਲੈ ਕੇ ਸਦਨ ਵਿਚ ਵਿਵਾਦ ਪੈਦਾ ਹੋ ਗਿਆ ਸੀ। ਵਿਰੋਧੀ ਧਿਰ ਦੇ ਨਾਲ-ਨਾਲ ਭਾਜਪਾ ਦੇ ਕੁੱਝ ਕੌਂਸਲਰਾਂ ਵਲੋਂ ਵੀ ਇਨ੍ਹਾਂ ਪ੍ਰਸਤਾਵਾਂ ’ਤੇ ਸਵਾਲ ਉਠਾਏ ਗਏ ਸਨ। ਉੱਧਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬਿਨਾਂ ਚਰਚਾ ਪ੍ਰਸਤਾਵ ਪਾਸ ਕਰਨ ਦੀ ਕਾਰਵਾਈ ’ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ। ਮਾਮਲਾ ਭਖਣ ਤੋਂ ਬਾਅਦ ਭਾਜਪਾ ਦੇ ਪੱਧਰ ’ਤੇ ਵੀ ਇਸ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਇਸ ਤੋਂ ਬਾਅਦ ਪਿਛਲੀ ਮੀਟਿੰਗ ਵਿਚ ਪਾਸ ਕੀਤੇ ਗਏ ਟੇਬਲ ਏਜੰਡਿਆਂ ਨੂੰ ਮੁੜ ਸਦਨ ਵਿਚ ਚਰਚਾ ਲਈ ਲਿਆਉਣ ਦਾ ਫ਼ੈਸਲਾ ਕੀਤਾ ਗਿਆ। 227 ਕਰੋੜ ਦੇ ਪਾਈਪਲਾਈਨ ਪ੍ਰਸਤਾਵ ’ਤੇ ਰਹੇਗੀ ਨਜ਼ਰ- ਕਜੌਲੀ ਵਾਟਰ ਵਰਕਸ ਤੋਂ ਸੈਕਟਰ-39 ਵਾਟਰ ਵਰਕਸ ਤੱਕ ਪਾਈਪਲਾਈਨ ਬਦਲਣ ਨਾਲ ਸਬੰਧਤ ਕਰੀਬ 227 ਕਰੋੜ ਰੁਪਏ ਦਾ ਪ੍ਰਸਤਾਵ ਪਹਿਲਾਂ ਹੀ ਸਿਆਸੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਵਲੋਂ ਇਸ ਪ੍ਰਸਤਾਵ ਦੇ ਵਿਰੋਧ ਵਿਚ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਪਾਰਟੀ ਵਲੋਂ ਪ੍ਰਸ਼ਾਸਕ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ ਸੀ। 20 ਅਗਸਤ ਦੀ ਮੀਟਿੰਗ ਵਿਚ ਹੁਣ ਇਸ ਪ੍ਰਸਤਾਵ ’ਤੇ ਕੌਂਸਲਰਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।