ਗਮਾਡਾ ਦੀ ਨਾਜਾਇਜ਼ ਢਾਹ-ਢੁਆਈ ਦੀ ਕਾਰਵਾਈ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਭੜਕੇ
ਮੁੱਲਾਂਪੁਰ ਗਰੀਬਦਾਸ, 26 ਅਗਸਤ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ‘ਚ ਪੈਂਦੇ ਪਿੰਡ ਸੈਣੀਮਾਜਰਾ ਵਿਖੇ ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਵਲੋਂ ਪੀ. ਆਰ.
ਮੁੱਲਾਂਪੁਰ ਗਰੀਬਦਾਸ, 26 ਅਗਸਤ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ‘ਚ ਪੈਂਦੇ ਪਿੰਡ ਸੈਣੀਮਾਜਰਾ ਵਿਖੇ ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਵਲੋਂ ਪੀ. ਆਰ.-4 ਰੋਡ ‘ਤੇ ਬਣੇ ਆਰਜ਼ੀ ਢਾਂਚਿਆਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਢਾਹੁਣ ਦੀ ਕਾਰਵਾਈ ਦੇ ਵਿਰੋਧ ‘ਚ ਸਥਾਨਕ ਲੋਕ ਭੜਕ ਗਏ ਅਤੇ ਉਨ੍ਹਾਂ ਦੀ ਗਮਾਡਾ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਨਾਲ ਤਿੱਖੀ ਤਕਰਾਰ ਹੋਈ। ਇਸੇ ਦੌਰਾਨ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਇਸ ਕਾਰਵਾਈ ਸੰਬੰਧੀ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਮੈਂਬਰ ਪਾਰਲੀਮੈਂਟ ਕੰਗ ਵਲੋਂ ਕਿਹਾ ਗਿਆ ਕਿ ਗਮਾਡਾ ਜੋ ਕਿ ਲੁੱਟ ਦਾ ਕੇਂਦਰ ਬਣ ਗਿਆ ਹੈ ਦੇ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ ਅਤੇ ਇਸ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗਰੀਬ ਤਬਕੇ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਪਿੰਡ ਸੈਣੀਮਾਜਰਾ ਵਿਖੇ ਗਮਾਡਾ ਵਲੋਂ ਕੀਤੀ ਗਈ ਕਾਰਵਾਈ ਬਾਬਤ ਜਦੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਗੋਲ-ਮੋਲ ਗੱਲਬਾਤ ਕੀਤੀ ਗਈ। ਉਨ੍ਹਾਂ ਮੌਕੇ ‘ਤੇ ਹੀ ਗਮਾਡਾ ਅਧਿਕਾਰੀ ਨੂੰ ਸਖ਼ਤ ਤਾੜਨਾ ਵੀ ਕੀਤੀ। ਉਨ੍ਹਾਂ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਸਲੇ ‘ਚ ਦਖਲ ਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਧੱਕੇਸ਼ਾਹੀ ਹੈ, ਜੋ ਕਿ ਬੰਦ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਪੰਜਾਬ ਲਈ ਬਿਹਤਰ ਕੰਮ ਕਰ ਰਹੇ ਹਾਂ ਤੇ ਦੂਜੇ ਪਾਸੇ ਗਮਾਡਾ ਵਰਗੇ ਅਦਾਰੇ ਜੋ ਕਿ ਭ੍ਰਿਸ਼ਟਾਚਾਰ ਦਾ ਅੱਡਾ ਬਣ ਕੇ ਰਹਿ ਗਏ ਹਨ, ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਦਫ਼ਤਰ ‘ਚ ਲੰਮੇ ਸਮੇਂ ਤੋਂ ਇਸ ਅਹੁਦੇ ‘ਤੇ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਤਕਾਲ ਬਦਲੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੌਕੇ ‘ਤੇ ਮੌਜੂਦ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਗਮਾਡਾ ਖ਼ਿਲਾਫ਼ ਮੋਰਚਾ ਖੋਲ੍ਹਣਗੇ ਅਤੇ ਜਲਦ ਹੀ ਗਮਾਡਾ ਦਫ਼ਤਰ ਦਾ ਘਿਰਾਓ ਵੀ ਕਰਨਗੇ।