ਯੂ. ਜੀ. ਸੀ. ਰੋਲਬੈਕ ਦੀ ਮੰਗ ਨੂੰ ਲੈ ਕੇ ਸਵਰਨ ਸਮਾਜ ਵਲੋਂ ਰੋਸ ਪ੍ਰਦਰਸ਼ਨ
ਪੰਚਕੂਲਾ, 28 ਅਗਸਤ (ਕਪਿਲ)- ਯੂ. ਜੀ.
ਪੰਚਕੂਲਾ, 28 ਅਗਸਤ (ਕਪਿਲ)- ਯੂ. ਜੀ. ਸੀ. ਨਾਲ ਜੁੜੇ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਵਰਨ ਸਮਾਜ ਏਕਤਾ ਦੇ ਬੈਨਰ ਹੇਠ ਪੰਚਕੂਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਣੀ ਸੈਨਾ ਦੇ ਆਲ ਇੰਡੀਆ ਪ੍ਰਧਾਨ ਮਹੀਪਾਲ ਮਕਰਾਨਾ ਨੇ ਕੀਤੀ। ਇਸ ਦੌਰਾਨ ਵੱਡੀ ਗਿਣਤੀ ‘ਚ ਸਮਾਜ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪੰਚਕੂਲਾ ‘ਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਰੋਸ ਪ੍ਰਦਰਸ਼ਨ ਲਈ ਪ੍ਰਦਰਸ਼ਨਕਾਰੀਆਂ ਦਾ ਇਹ ਮਾਰਚ ਪਾਣੀਪਤ ਤੋਂ ਸ਼ੁਰੂ ਹੋਇਆ ਸੀ, ਜੋ ਕਿ ਕਰੀਬ ਅੱਠ ਦਿਨਾਂ ਦੀ ਯਾਤਰਾ ਤੋਂ ਬਾਅਦ ਵੱਖ-ਵੱਖ ਇਲਾਕਿਆਂ ‘ਚੋਂ ਹੁੰਦਾ ਹੋਇਆ ਅੱਜ ਪੰਚਕੂਲਾ ਪੁੱਜਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਯੂ. ਜੀ. ਸੀ. ਨਾਲ ਜੁੜੇ ਫ਼ੈਸਲੇ ਨੂੰ ਲੈ ਕੇ ਰੋਸ ਜ਼ਾਹਿਰ ਕਰਦਿਆਂ ਸਰਕਾਰ ਤੋਂ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਜਲਦ ਸਕਾਰਾਤਮਕ ਫ਼ੈਸਲਾ ਲੈਣ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਮੌਕੇ ਮਹੀਪਾਲ ਮਕਰਾਨਾ ਨੇ ਕਿਹਾ ਕਿ ਯੂ. ਜੀ. ਸੀ. ਰੋਲਬੈਕ ਦੀ ਮੰਗ ਨੂੰ ਲੈ ਕੇ ਭਵਿੱਖ ‘ਚ ਵੀ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਬਾਅਦ ਮੱਧ ਪ੍ਰਦੇਸ਼ ‘ਚ ਵੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਪ੍ਰਦਰਸ਼ਨ ਤੋਂ ਬਾਅਦ ਆਗੂਆਂ ਵਲੋਂ ਰਾਜਪਾਲ ਹਰਿਆਣਾ ਦੇ ਨਾਂਅ ‘ਤੇ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਯੂ. ਜੀ. ਸੀ. ਰੋਲਬੈਕ ਸਮੇਤ ਵੱਖ-ਵੱਖ ਮੰਗਾਂ ਰੱਖੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਮੰਗਾਂ ‘ਤੇ ਜਲਦ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।